US Becomes a ‘Golden Prison’ for Indian IT Professionals; They Are Turning Towards Britain and Other Countries
ਭਾਰਤੀ ਆਈ. ਟੀ. ਪੇਸ਼ੇਵਰਾਂ ਲਈ US ਬਣਿਆ ‘ਗੋਲਡਨ ਪ੍ਰਿਜ਼ਨ’, ਬ੍ਰਿਟੇਨ ਅਤੇ ਦੂਜੇ ਦੇਸ਼ਾਂ ਦਾ ਕਰ ਰਹੇ ਰੁਖ਼
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ’ਚ ਬਿਹਤਰ ਕਰੀਅਰ ਅਤੇ ਭਵਿੱਖ ਦੀ ਉਮੀਦ ਲੈ ਕੇ ਪਹੁੰਚੇ ਭਾਰਤੀ ਆਈ. ਟੀ. ਪੇਸ਼ੇਵਰ ਹੁਣ ਬ੍ਰਿਟੇਨ ਅਤੇ ਦੂਜੇ ਦੇਸ਼ਾਂ ਦਾ ਰੁਖ਼ ਕਰਨ ਲੱਗੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਦੀਆਂ ਸਖ਼ਤ ਵੀਜ਼ਾ ਨੀਤੀਆਂ, ਗ੍ਰੀਨ ਕਾਰਡ ਮਿਲਣ ’ਚ ਲੰਬੀ ਉਡੀਕ ਅਤੇ ਸਥਾਈ ਨਾਗਰਿਕਤਾ ਦੀ ਅਨਿਸ਼ਚਿਤਤਾ ਨੇ ਹੁਨਰਮੰਦ ਵਿਦੇਸ਼ੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾਲਾਤ ਅਜਿਹੇ ਹਨ ਕਿ ਗੂਗਲ ਵਰਗੀ ਚੋਟੀ ਦੀ ਕੰਪਨੀ ’ਚ ਕੰਮ ਕਰਨ ਵਾਲੇ ਭਾਰਤੀ ਇੰਜੀਨੀਅਰ ਵੀ ਅਮਰੀਕਾ ਛੱਡਣ ਦਾ ਫ਼ੈਸਲਾ ਕਰ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਲਗਾਤਾਰ ਬਦਲਦੇ ਨਿਯਮਾਂ ਤੋਂ ਪ੍ਰੇਸ਼ਾਨ ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ਹੁਣ ਮੌਕਿਆਂ ਦੀ ਧਰਤੀ ਦੀ ਬਜਾਏ ‘ਸੋਨੇ ਦੀ ਜੇਲ੍ਹ’ ਬਣਦਾ ਜਾ ਰਿਹਾ ਹੈ। ਇਸ ਦਾ ਅਸਰ ਕੰਪਨੀਆਂ ਦੀ ਭਰਤੀ ਅਤੇ ਕਾਰੋਬਾਰੀ ਰਣਨੀਤੀਆਂ ’ਤੇ ਵੀ ਪੈਣ ਲੱਗਾ ਹੈ। ਰਿਪੋਰਟ ਮੁਤਾਬਕ ਭਾਰਤੀ ਸਾਫਟਵੇਅਰ ਇੰਜੀਨੀਅਰ ਯਸ਼ ਸ਼ਰਮਾ (36) ਪਿਛਲੇ 6 ਸਾਲਾਂ ਤੋਂ ਐੱਚ-1ਬੀ ਵੀਜ਼ਾ ’ਤੇ ਅਮਰੀਕਾ ’ਚ ਕੰਮ ਕਰ ਰਹੇ ਹਨ। ਉਹ ਗੂਗਲ ’ਚ ਇੰਜੀਨੀਅਰ ਹਨ ਪਰ ਵੀਜ਼ਾ ਨਿਯਮਾਂ ’ਚ ਲਗਾਤਾਰ ਬਦਲਾਅ ਅਤੇ ਸਥਾਈ ਨਿਵਾਸ ਮਿਲਣ ਦੀਆਂ ਘੱਟ ਸੰਭਾਵਨਾਵਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਦੀ ਅਸਾਧਾਰਨ ਪ੍ਰਤਿਭਾ ਵਾਲੇ ਪੇਸ਼ੇਵਰਾਂ ਲਈ ਮਿਲਣ ਵਾਲੇ ਵੀਜ਼ਾ ਦੀ ਅਰਜ਼ੀ ਵੀ ਕਈ ਮਹੀਨਿਆਂ ਦੀ ਉਡੀਕ ਤੋਂ ਬਾਅਦ ਰੱਦ ਹੋ ਗਈ। ਭਾਰਤੀ ਨਾਗਰਿਕਾਂ ਲਈ ਗ੍ਰੀਨ ਕਾਰਡ ਦਾ ਲੰਬਾ ਬੈਕਲਾਗ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਹੈ। ਸ਼ਰਮਾ ਪਿਛਲੇ ਡੇਢ ਸਾਲ ਤੋਂ ਅਮਰੀਕਾ ’ਚੋਂ ਬਾਹਰ ਨਹੀਂ ਗਏ ਹਨ, ਕਿਉਂਕਿ ਉਨ੍ਹਾਂ ਨੂੰ ਵਾਪਸ ਦਾਖ਼ਲਾ ਨਾ ਮਿਲਣ ਦਾ ਡਰ ਹੈ। ਹੁਣ ਉਨ੍ਹਾਂ ਨੇ ਬ੍ਰਿਟੇਨ ਜਾਣ ਦਾ ਫ਼ੈਸਲਾ ਕੀਤਾ ਹੈ। ਉਹ ਅਗਲੇ ਮਹੀਨੇ ਗਲੋਬਲ ਟੈਲੇਂਟ ਵੀਜ਼ਾ ’ਤੇ ਬ੍ਰਿਟੇਨ ਜਾਣਗੇ, ਜਦਕਿ ਉੱਥੇ ਫ਼ਿਲਹਾਲ ਉਨ੍ਹਾਂ ਕੋਲ ਕੋਈ ਨੌਕਰੀ ਨਹੀਂ ਹੈ। ਇਕ ਹੋਰ ਭਾਰਤੀ ਪੇਸ਼ੇਵਰ ਸਵਪਨਿਲ ਦੇਸ਼ਪਾਂਡੇ ਨੇ ਵੀ ਅਮਰੀਕਾ ’ਚ ਭਵਿੱਖ ਦੀ ਅਨਿਸ਼ਚਿਤਤਾ ’ਤੇ ਸਵਾਲ ਚੁੱਕੇ ਹਨ। ਵੀਜ਼ਾ ਨਿਯਮਾਂ ਦਾ ਅਸਰ ਹੁਣ ਵੱਡੀਆਂ ਕੰਪਨੀਆਂ ’ਤੇ ਵੀ ਪੈ ਰਿਹਾ ਹੈ। ਬਲੂਮਬਰਗ ਮੁਤਾਬਕ, ਆਈ. ਬੀ. ਐੱਮ. ਨੇ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਆਪਣੀ ਕੰਸਲਟਿੰਗ ਇਕਾਈ ’ਚ ਜ਼ਿਆਦਾਤਰ ਅਹੁਦਿਆਂ ਲਈ ਵਿਦੇਸ਼ੀ ਮੁਲਾਜ਼ਮਾਂ ਨੂੰ ਸਪਾਂਸਰ ਕਰਨਾ ਬੰਦ ਕਰੇਗੀ। ਪ੍ਰਭਾਵਿਤ ਮੁਲਾਜ਼ਮਾਂ ਨੂੰ ਸਾਲ ਦੇ ਅਖੀਰ ਤੱਕ ਅਮਰੀਕਾ ’ਚੋ ਬਾਹਰ ਜਾਣਾ ਪਵੇਗਾ ਜਾਂ ਨੌਕਰੀ ਛੱਡਣੀ ਪਵੇਗੀ। ਭੁਗਤਾਨ ਸੇਵਾ ਕੰਪਨੀ ਫਲਾਈਵਾਇਰ ਵੀ ਕੁਝ ਭਰਤੀਆਂ ਘੱਟ ਲਾਗਤ ਵਾਲੇ ਦੂਜੇ ਦੇਸ਼ਾਂ ’ਚ ਤਬਦੀਲ ਕਰਨ ’ਤੇ ਵਿਚਾਰ ਕਰ ਰਹੀ ਹੈ। ਮਾਈਕ੍ਰੋਸਾਫਟ ਅਤੇ ਅਡੋਬ ਵਰਗੀਆਂ ਕੰਪਨੀਆਂ ਨੂੰ ਗ੍ਰੀਨ ਕਾਰਡ ਸਪਾਂਸਰਸ਼ਿਪ ਨਾਲ ਜੁੜੀ ਇਕ ਪ੍ਰਮੁੱਖ ਸਰਕਾਰੀ ਯੋਜਨਾ ਤੋਂ ਜਾਂਚ ਪੂਰੀ ਹੋਣ ਤੱਕ ਬਾਹਰ ਰੱਖਿਆ ਗਿਆ ਹੈ। ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲਾਂ ਮੁਤਾਬਕ ਕੰਪਨੀਆਂ ਨੂੰ ਡਰ ਹੈ ਕਿ ਨਿਯਮਾਂ ਦੀ ਜ਼ਰਾ ਜਿੰਨੀ ਵੀ ਖੁੰਝ ਜਾਂਚ ਜਾਂ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦੀ ਹੈ। ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਮੁਲਾਜ਼ਮਾਂ ਨੂੰ ਸਥਾਈ ਨਿਵਾਸ ਦਿਵਾਉਣ ਵਾਲੀ ਪ੍ਰਕਿਰਿਆ ਦੇ ਨਿਯਮ ਸਖ਼ਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤਹਿਤ ਕੰਪਨੀਆਂ ਨੂੰ ਵਿਦੇਸ਼ੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਸਪਾਂਸਰ ਕਰਨ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦੀ ਭਰਤੀ ਦੇ ਵਧੇਰੇ ਯਤਨ ਕਰਨੇ ਪੈਣਗੇ। ਐੱਚ-1ਬੀ ਵੀਜ਼ਾ ’ਤੇ ਵੀ ਦਬਾਅ ਵਧਿਆ ਹੈ। ਅਗਸਤ ’ਚ ਪ੍ਰਸ਼ਾਸਨ ਨੇ ਨਵੀਆਂ ਐੱਚ-1ਬੀ ਅਰਜ਼ੀਆਂ ਲਈ 1.03 ਲੱਖ ਡਾਲਰ ਦੀ ਵੱਖਰੀ ਫ਼ੀਸ ਦੀ ਵਿਵਸਥਾ ਕੀਤੀ ਸੀ, ਜਿਸ ਨੂੰ ਲੈ ਕੇ ਕਾਨੂੰਨੀ ਵਿਵਾਦ ਵੀ ਚੱਲ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਕੰਪਨੀਆਂ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੀਆਂ ਹਨ। ਇਸ ਨਾਲ ਅਮਰੀਕੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਰੁਜ਼ਗਾਰ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ, ਵਿਦੇਸ਼ੀ ਹੁਨਰਮੰਦ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਖੋਜ ਦੇ ਸਿੱਟੇ ਇੱਕੋ ਜਿਹੇ ਨਹੀਂ ਹਨ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸੰਘੀ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਵਿੱਤੀ ਸਾਲ 2025 ’ਚ ਅਮਰੀਕਾ ਨੇ ਪਿਛਲੇ ਸਾਲ ਦੇ ਮੁਕਾਬਲੇ ਕਰੀਬ 2.60 ਲੱਖ ਘੱਟ ਅਸਥਾਈ ਵੀਜ਼ੇ ਜਾਰੀ ਕੀਤੇ। ਉੱਥੇ ਹੀ ਅੰਤਰਰਾਸ਼ਟਰੀ ਸਿੱਖਿਆ ਸੰਸਥਾਨ ਦੇ ਅਨੁਮਾਨ ਮੁਤਾਬਕ ਇਸ ਪਤਝੜ ਦੀ ਰੁੱਤ ’ਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੀਬ 15 ਫ਼ੀਸਦੀ ਘਟੀ ਹੈ। ਇੰਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਬਦਲਦੇ ਨਿਯਮਾਂ ਨਾਲ ਅਮਰੀਕਾ ’ਚੋਂ ਪ੍ਰਤਿਭਾਵਾਂ ਦਾ ਪਲਾਇਨ ਵਧ ਸਕਦਾ ਹੈ। ਇਸ ਨਾਲ ਭਾਰਤ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੂੰ ਤਜਰਬੇਕਾਰ ਤਕਨੀਕੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਮਿਲ ਸਕਦਾ ਹੈ।

