People trapped after buying gold and silver at high prices; further decline feared—see what experts say
ਉੱਚੇ ਭਾਅ ’ਤੇ ਸੋਨਾ-ਚਾਂਦੀ ਖਰੀਦ ਕੇ ਫਸੇ ਲੋਕ , ਅਜੇ ਹੋਰ ਗਿਰਾਵਟ ਦਾ ਹੈ ਖਦਸ਼ਾ, ਜਾਣੋ ਮਾਹਰਾਂ ਦੀ ਰਾਏ
New Delhi, (ਆਵਾਜ਼ਿ ਕੌਮ ਬਿਊਰੋ)-ਪਿਛਲੇ ਕੁਝ ਸਾਲਾਂ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜ਼ੀ ਨੇ ਨਿਵੇਸ਼ਕਾਂ ਨੂੰ ਖੂਬ ਆਪਣੇ ਵੱਲ ਖਿੱਚਿਆ। 2025 ’ਚ ਦੋਵਾਂ ਕੀਮਤੀ ਧਾਤਾਂ ਨੇ ਸ਼ਾਨਦਾਰ ਰਿਟਰਨ ਦਿੱਤਾ। ਜਨਵਰੀ 2026 ’ਚ ਤਾਂ ਇਨ੍ਹਾਂ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਪਰ ਇਸ ਤੋਂ ਬਾਅਦ ਬਾਜ਼ਾਰ ਦਾ ਰੁਖ ਅਚਾਨਕ ਬਦਲ ਗਿਆ। ਕੁਝ ਹੀ ਮਹੀਨਿਆਂ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ ਆ ਗਈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਨਿਵੇਸ਼ਕਾਂ ’ਤੇ ਪਿਆ, ਜਿਨ੍ਹਾਂ ਨੇ ਜਨਵਰੀ ’ਚ ਉੱਚੇ ਭਾਅ ’ਤੇ ਖਰੀਦਦਾਰੀ ਕੀਤੀ ਸੀ। ਔਗਮੋਂਟ ਦੀ ਚੀਫ ਰਿਸਰਚ ਅਫਸਰ ਰੇਨਿਸ਼ਾ ਚੇਨਾਨੀ ਮੁਤਾਬਕ, ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦੇ ਪਿੱਛੇ ਅਮਰੀਕੀ ਫੈਡਰਲ ਰਿਜ਼ਰਵ ਦਾ ਸਖ਼ਤ ਰੁਖ ਅਤੇ ਨਿਵੇਸ਼ਕਾਂ ਵੱਲੋਂ ਮੁਨਾਫ਼ਾਵਸੂਲੀ ਪ੍ਰਮੁੱਖ ਕਾਰਨ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਸੋਨਾ 3,500 ਡਾਲਰ ਤੱਕ ਡਿੱਗ ਸਕਦਾ ਹੈ। ਭਾਰਤੀ ਬਾਜ਼ਾਰ ’ਚ ਇਹ ਪੱਧਰ ਲੱਗਭਗ 1.21 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਬਰਾਬਰ ਹੈ। ਔਗਮੋਂਟ ਦੀ 19 ਨਵੰਬਰ ਦੀ ਰਿਪੋਰਟ ਮੁਤਾਬਕ, ਕੌਮਾਂਤਰੀ ਬਾਜ਼ਾਰ ’ਚ ਸੋਨੇ ਨੇ 3,750 ਡਾਲਰ ਪ੍ਰਤੀ ਔਂਸ ਦਾ ਸਪੋਰਟ ਤੋੜ ਦਿੱਤਾ ਹੈ। ਹੁਣ 3,600 ਡਾਲਰ ਅਗਲਾ ਅਹਿਮ ਸਪੋਰਟ ਹੈ। ਇਸ ਤੋਂ ਹੇਠਾਂ ਭਾਅ 3,500 ਡਾਲਰ ਤੱਕ ਜਾ ਸਕਦੇ ਹਨ। ਉੱਥੇ ਹੀ ਤੇਜ਼ੀ ਪਰਤਣ ’ਤੇ 4,000 ਡਾਲਰ ਦਾ ਪੱਧਰ ਰਜਿਸਟੈਂਸ ਦਾ ਕੰਮ ਕਰ ਸਕਦਾ ਹੈ। ਚਾਂਦੀ ਦੀਆਂ ਕੀਮਤਾਂ ’ਚ ਸੋਨੇ ਦੇ ਮੁਕਾਬਲੇ ਜ਼ਿਆਦਾ ਤੇਜ਼ ਗਿਰਾਵਟ ਆਈ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਚਾਂਦੀ ’ਚ ਨਿਵੇਸ਼ ਦੇ ਨਾਲ-ਨਾਲ ਉਦਯੋਗਿਕ ਮੰਗ ਦੀ ਭੂਮਿਕਾ ਵੀ ਅਹਿਮ ਹੁੰਦੀ ਹੈ। ਬਾਜ਼ਾਰ ’ਚ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਵਿਕਰੀ ਦਾ ਅਸਰ ਵੀ ਇਸ ਦੀਆਂ ਕੀਮਤਾਂ ’ਤੇ ਤੇਜ਼ੀ ਨਾਲ ਵਿਖਾਈ ਦੇ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ’ਚ ਚਾਂਦੀ ’ਚ ਆਈ ਵੱਡੀ ਗਿਰਾਵਟ ਨੂੰ ਸਿੱਧੇ ਤੌਰ ’ਤੇ ਖਰੀਦਦਾਰੀ ਦਾ ਮੌਕਾ ਮੰਨਣਾ ਠੀਕ ਨਹੀਂ ਹੋਵੇਗਾ। ਕੀਮਤਾਂ ’ਚ ਅੱਗੇ ਵੀ ਤੇਜ਼ ਉਤਰਾਅ-ਚੜ੍ਹਾਅ ਸੰਭਵ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਉੱਚੇ ਪੱਧਰ ਤੋਂ ਕਾਫ਼ੀ ਹੇਠਾਂ ਆ ਚੁੱਕੀਆਂ ਹਨ। ਅਜਿਹੇ ’ਚ ਕੁਝ ਖਰੀਦਦਾਰਾਂ ਨੂੰ ਮੌਜੂਦਾ ਭਾਅ ਆਕਰਸ਼ਕ ਲੱਗ ਸਕਦੇ ਹਨ। ਹਾਲਾਂਕਿ, ਬਾਜ਼ਾਰ ’ਚ ਅੱਗੇ 5 ਤੋਂ 10 ਫੀਸਦੀ ਦੀ ਵਾਧੂ ਗਿਰਾਵਟ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਅਜਿਹੇ ਮਾਹੌਲ ’ਚ ਇਕੱਠੀ ਵੱਡੀ ਰਕਮ ਲਗਾਉਣ ਦੀ ਬਜਾਏ ਕਿਸ਼ਤਾਂ ’ਚ ਖਰੀਦਦਾਰੀ ਕਰਨਾ ਜੋਖਮ ਨੂੰ ਸੰਭਾਲਣ ਦਾ ਇਕ ਤਰੀਕਾ ਹੋ ਸਕਦਾ ਹੈ। ਇਸ ਨਾਲ ਜੇਕਰ ਕੀਮਤਾਂ ਹੋਰ ਡਿੱਗਦੀਆਂ ਹਨ ਤਾਂ ਨਿਵੇਸ਼ਕ ਨੂੰ ਹੇਠਲੇ ਭਾਅ ’ਤੇ ਖਰੀਦਦਾਰੀ ਕਰਨ ਦਾ ਮੌਕਾ ਮਿਲ ਸਕਦਾ ਹੈ।

