Most of the employees’ legitimate demands currently under consideration are in the final stages: Cheema
ਮੁਲਾਜ਼ਮਾਂ ਦੀਆਂ ਜ਼ਿਆਦਾਤਰ ਵਿਚਾਰ ਅਧੀਨ ਜਾਇਜ਼ ਮੰਗਾਂ ਅੰਤਿਮ ਪੜਾਅ ’ਤੇ : ਚੀਮਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ 3 ਮੁਲਾਜ਼ਮ ਯੂਨੀਅਨਾਂ ਤੇ ਇੱਕ ਨੰਬਰਦਾਰ ਯੂਨੀਅਨ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਤੇ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗਾਂ ਦੌਰਾਨ ਵਿੱਤ ਮੰਤਰੀ ਨੇ ਹਰੇਕ ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਬੜੇ ਧਿਆਨ ਨਾਲ ਸੁਣਿਆ। ਸਾਂਝਾ ਮੁਲਾਜ਼ਮ ਮੰਚ, ਪੁੱਡਾ ਦੀਆਂ ਚਿੰਤਾਵਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਸਕੱਤਰ ਵਿੱਤ ਨੂੰ ਉਨ੍ਹਾਂ ਦੇ ਮੰਗ ਪੱਤਰ ਦਾ ਹਮਦਰਦੀ ਨਾਲ ਅਧਿਐਨ ਕਰਨ ਤੇ ਪੈਨਸ਼ਨਾਂ ਸਬੰਧੀ ਉਨ੍ਹਾਂ ਦੀ ਮੁੱਖ ਮੰਗ ਦਾ ਸਭ ਤੋਂ ਵਧੀਆ ਸੰਭਵ ਹੱਲ ਸੁਝਾਉਣ ਦੇ ਨਿਰਦੇਸ਼ ਦਿੱਤੇ। ਇਨਲਿਸਟਮੈਂਟ ਆਊਟਸੋਰਸ ਤਾਲਮੇਲ ਕਮੇਟੀ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨਾਲ ਵਿਚਾਰ-ਵਟਾਂਦਰੇ ਦੌਰਾਨ ਵਿੱਤ ਮੰਤਰੀ ਨੇ ਵਫ਼ਦਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਤੁਹਾਡੀਆਂ ਜ਼ਿਆਦਾਤਰ ਜਾਇਜ਼ ਮੰਗਾਂ ਪਹਿਲਾਂ ਹੀ ਵਿਚਾਰ ਅਧੀਨ ਅੰਤਿਮ ਪੜਾਅ ’ਤੇ ਹਨ। ਉਨ੍ਹਾਂ ਸਬੰਧਤ ਪ੍ਰਸ਼ਾਸਕੀ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਯੂਨੀਅਨ ਦੇ ਨੁਮਾਇੰਦਿਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਤੇ ਉਨ੍ਹਾਂ ਦੇ ਸਬੰਧਤ ਕੇਸਾਂ ਦੀ ਮੌਜੂਦਾ ਸਥਿਤੀ ਬਾਰੇ ਨਿਯਮਤ ਤੌਰ ’ਤੇ ਜਾਣੂ ਕਰਵਾਉਣ। ਤੇਜ਼ ਪ੍ਰਸ਼ਾਸਕੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਹਰਪਾਲ ਸਿੰਘ ਚੀਮਾ ਨੇ ਸਾਰੇ ਪ੍ਰਸ਼ਾਸਕੀ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਊਟਸੋਰਸਡ ਤੋਂ ਠੇਕੇ ’ਤੇ ਲਿਆਉਣ ਲਈ ਪਹਿਲਾਂ ਹੀ ਤੈਅ ਕੀਤੀਆਂ ਜਾ ਚੁੱਕੀਆਂ ਸ਼੍ਰੇਣੀਆਂ ਦੇ ਕੇਸ ਜਲਦੀ ਤੋਂ ਜਲਦੀ ਪਰਸੋਨਲ ਵਿਭਾਗ ਨੂੰ ਭੇਜੇ ਜਾਣ, ਤਾਂ ਜੋ ਅਧਿਕਾਰੀਆਂ ਦੀ ਕਮੇਟੀ ਸਮੇਂ ਸਿਰ ਫੈਸਲਾ ਲੈ ਸਕੇ। ਉਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਐਕਟ ਸਬੰਧੀ ਕੋਈ ਵੀ ਲੋੜੀਂਦਾ ਸਪੱਸ਼ਟੀਕਰਨ ਪਰਸੋਨਲ ਵਿਭਾਗ ਤੋਂ ਪਹਿਲ ਦੇ ਆਧਾਰ ’ਤੇ ਲਿਆ ਜਾਵੇ ਤਾਂ ਜੋ ਸਬੰਧਤ ਮੁਲਾਜ਼ਮਾਂ ਨੂੰ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਵਿੱਤ ਮੰਤਰੀ ਨੇ ਨੰਬਰਦਾਰ ਯੂਨੀਅਨ ਨੂੰ ਵੀ ਭਰੋਸਾ ਦਿੱਤਾ ਕਿ ਮਾਣ-ਭੱਤੇ ’ਚ ਵਾਧੇ ਸਬੰਧੀ ਉਨ੍ਹਾਂ ਦੀ ਮੰਗ ਵਿਚਾਰ ਅਧੀਨ ਹੈ ਤੇ ਇਸ ਸਬੰਧੀ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ। ਇਨ੍ਹਾਂ ਮੀਟਿੰਗਾਂ ’ਚ ਸਾਂਝਾ ਮੁਲਾਜ਼ਮ ਮੰਚ, ਪੁੱਡਾ, ਪੰਜਾਬ ਨੰਬਰਦਾਰ ਯੂਨੀਅਨ, ਇਨਲਿਸਟਮੈਂਟ ਆਊਟਸੋਰਸ ਤਾਲਮੇਲ ਕਮੇਟੀ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗਾਂ ਦੌਰਾਨ ਸਾਂਝਾ ਮੁਲਾਜ਼ਮ ਮੰਚ, ਪੁੱਡਾ ਵੱਲੋਂ ਚਰਨਜੀਤ ਕੌਰ, ਮਮਤਾ ਸ਼ਰਮਾ, ਮਹਿੰਦਰ ਸਿੰਘ ਅਤੇ ਦਰਸ਼ਨ ਜਿੰਦਲ; ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਗੁਰਪਾਲ ਸਿੰਘ ਸਮਰਾ ਅਤੇ ਰਛਪਾਲ ਸਿੰਘ; ਇਨਲਿਸਟਮੈਂਟ ਆਊਟਸੋਰਸ ਤਾਲਮੇਲ ਕਮੇਟੀ ਵੱਲੋਂ ਵਰਿੰਦਰ ਸਿੰਘ ਮੋਮੀ, ਰਮਨਦੀਪ ਸਿੰਘ, ਪਵਨਦੀਪ ਸਿੰਘ, ਜਗਦੀਪ ਸਿੰਘ, ਲਛਮਣ ਸਿੰਘ, ਹਰਜਿੰਦਰ ਪਾਲ ਸਿੰਘ, ਜਸਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਬਲਿਹਾਰ ਸਿੰਘ, ਰੇਸ਼ਮ ਸਿੰਘ, ਸ਼ੇਰ ਸਿੰਘ, ਜਗਰਾਉਂ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ ਅਤੇ ਹਮੀਰ ਸਿੰਘ ਨੇ ਮੁੱਦੇ ਤੇ ਚਿੰਤਾਵਾਂ ਰੱਖੀਆਂ।

