Blackout in Chandigarh! Sirens will sound suddenly; a special appeal has been made to the public
ਚੰਡੀਗੜ੍ਹ ‘ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ’ਚ ਕਿਸੇ ਵੀ ਤਰ੍ਹਾਂ ਦੇ ਹਵਾਈ ਹਮਲੇ ਜਾਂ ਹੋਰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਨੂੰ ਪਰਖਣ ਵਾਸਤੇ 27 ਨਵੰਬਰ ਨੂੰ ਸ਼ਹਿਰ ਭਰ ’ਚ ਸਿਵਲ ਡਿਫੈਂਸ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਦੌਰਾਨ ਬਲੈਕਆਊਟ ਅਭਿਆਸ ਵੀ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ 35 ਨਿਰਧਾਰਤ ਥਾਵਾਂ ’ਤੇ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਇਹ ਅਭਿਆਸ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੀਆਂ ਏਜੰਸੀਆਂ ਦੀ ਮੁਸਤੈਦੀ ਅਤੇ ਆਪਸੀ ਤਾਲਮੇਲ ਦੀ ਪਰਖ ਕੀਤੀ ਜਾਵੇਗੀ। ਡੀ. ਸੀ. ਅਨੁਸਾਰ ਮੌਕ ਡਰਿੱਲ ਦੀ ਸ਼ੁਰੂਆਤ ’ਚ ਦੋ ਮਿੰਟ ਤੱਕ ਉੱਚੀ ਅਤੇ ਨੀਵੀਂ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ 20 ਮਿੰਟ ਤੱਕ ਸਬੰਧਿਤ ਵਿਭਾਗ ਅਤੇ ਏਜੰਸੀਆਂ ਤੈਅ ਮਿਆਰੀ ਕਾਰਜ ਪ੍ਰਣਾਲੀ (ਐੱਸ. ਓ. ਪੀ.) ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੀਆਂ। ਅਭਿਆਸ ਦੀ ਸਮਾਪਤੀ ’ਤੇ ਮੁੜ ਦੋ ਮਿੰਟ ਲਈ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ, ਜੋ ਮੌਕ ਡਰਿੱਲ ਖ਼ਤਮ ਹੋਣ ਦਾ ਸੰਕੇਤ ਹੋਵੇਗਾ। ਪ੍ਰਸ਼ਾਸਨ ਮੁਤਾਬਕ ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਸੰਭਾਵੀ ਐਮਰਜੈਂਸੀ ਦੌਰਾਨ ਸ਼ਹਿਰ ਦੀ ਤਿਆਰੀ, ਵੱਖ-ਵੱਖ ਵਿਭਾਗਾਂ ਦੀ ਕਾਰਜ ਸਮਰੱਥਾ ਤੇ ਤੁਰੰਤ ਪ੍ਰਤੀਕਿਰਿਆ ਦੇਣ ਦੀ ਪ੍ਰਣਾਲੀ ਦਾ ਮੁਲਾਂਕਣ ਕਰਨਾ ਹੈ। ਮੌਕ ਡਰਿੱਲ ਰਾਹੀਂ ਇਹ ਪਰਖਿਆ ਜਾਵੇਗਾ ਕਿ ਐਮਰਜੈਂਸੀ ਸਥਿਤੀ ਪੈਦਾ ਹੋਣ ’ਤੇ ਸਬੰਧਿਤ ਏਜੰਸੀਆਂ ਆਪਣੀਆਂ ਨਿਰਧਾਰਤ ਜ਼ਿੰਮੇਵਾਰੀਆਂ ਕਿੰਨੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦੀਆਂ ਹਨ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 27 ਨਵੰਬਰ ਸ਼ਾਮ ਨੂੰ ਸਾਇਰਨ ਦੀ ਆਵਾਜ਼ ਸੁਣ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਅਫ਼ਵਾਹ ਦਾ ਸ਼ਿਕਾਰ ਨਾ ਹੋਣ, ਕਿਉਂਕਿ ਇਹ ਸਿਰਫ਼ ਸੁਰੱਖਿਆ ਤਿਆਰੀਆਂ ਨੂੰ ਪਰਖਣ ਲਈ ਕਰਵਾਇਆ ਜਾ ਰਿਹਾ ਅਭਿਆਸ ਹੋਵੇਗਾ। ਲੋਕਾਂ ਨੂੰ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਸਹਿਯੋਗ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

