Immigrants living in the US for 10 years could get a Green Card; Democratic lawmakers have introduced a bill
ਅਮਰੀਕਾ ’ਚ 10 ਸਾਲ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਮਿਲ ਸਕਦੈ ਗ੍ਰੀਨ ਕਾਰਡ, ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਪੇਸ਼ ਕੀਤਾ ਬਿੱਲ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਉਨ੍ਹਾਂ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਮਿਲਣ ਦਾ ਰਾਹ ਖੁੱਲ੍ਹ ਸਕਦਾ ਹੈ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਹੀ ਦੇਸ਼ ਨਿਕਾਲੇ ਦੇ ਅੰਤਿਮ ਹੁਕਮ ਜਾਰੀ ਹੋ ਚੁੱਕੇ ਹਨ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ‘ਪ੍ਰੋਟੈਕਟ ਆਵਰ ਨੇਬਰਜ਼ ਐਕਟ’ ਬਿੱਲ ਪੇਸ਼ ਕੀਤਾ ਹੈ, ਜੋ ਯੋਗ ਪ੍ਰਵਾਸੀਆਂ ਨੂੰ ਅਰਜ਼ੀ ਦੇਣ ਦੀ ਸਹੂਲਤ ਦਿੰਦਾ ਹੈ ਅਤੇ ਕੁਝ ਹੁਕਮਾਂ ਦੀ ਮਿਆਦ 10 ਸਾਲ ਤੱਕ ਸੀਮਤ ਕਰਦਾ ਹੈ। ਕੈਲੀਫੋਰਨੀਆ ਦੇ ਸੰਸਦ ਮੈਂਬਰਾਂ ਵਲੋਂ 19 ਨਵੰਬਰ ਨੂੰ ਪੇਸ਼ ਬਿੱਲ ਅਨੁਸਾਰ, ਬਿਨੈਕਾਰ ਨੂੰ ਅੰਤਿਮ ਹੁਕਮ ਮਗਰੋਂ ਲਗਾਤਾਰ ਘੱਟੋ-ਘੱਟ 10 ਸਾਲ ਅਮਰੀਕਾ ਵਿਚ ਰਹਿਣਾ ਹੋਵੇਗਾ, ਨਿਗਰਾਨੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਫ਼ਰਾਰ ਨਹੀਂ ਹੋਣਾ ਚਾਹੀਦਾ। ਯੋਗ ਉਲੰਘਣਾਵਾਂ ਵਾਲੇ ਅਤੇ ਇਨਕਮ ਟੈਕਸ ਰਿਟਰਨ ਦੀ ਪ੍ਰਮਾਣਿਤ ਕਾਪੀ ਜਮ੍ਹਾ ਕਰਵਾਉਣ ਵਾਲੇ ਲੋਕ ਹੀ ਯੋਗ ਹੋਣਗੇ, ਜਦਕਿ ਅਪਰਾਧਿਕ ਜਾਂ ਰਾਸ਼ਟਰੀ ਸੁਰੱਖਿਆ ਅਯੋਗਤਾ ਵਾਲੇ ਬਾਹਰ ਰਹਿਣਗੇ। ਗ੍ਰਹਿ ਸੁਰੱਖਿਆ ਵਿਭਾਗ ਵੱਧ ਤੋਂ ਵੱਧ 1,200 ਡਾਲਰ (ਕਰੀਬ 1.11 ਲੱਖ ਰੁਪਏ) ਫ਼ੀਸ ਲੈ ਸਕੇਗਾ। ਬਿੱਲ ਤਹਿਤ ਕੁਝ ਹੁਕਮ 10 ਸਾਲਾਂ ਬਾਅਦ ਖ਼ਤਮ ਹੋ ਸਕਦੇ ਹਨ ਪਰ ਵਿਭਾਗ ਦੇਰੀ ਦਾ ਕਾਰਨ ਅਤੇ ਜਨਹਿੱਤ ਸਾਬਤ ਕਰ ਕੇ ਜੱਜ ਤੋਂ ਵਾਧਾ ਮੰਗ ਸਕੇਗਾ। ਹੁਕਮ ਖ਼ਤਮ ਹੋਣ ਨਾਲ ਗ੍ਰੀਨ ਕਾਰਡ ਆਪਣੇ-ਆਪ ਨਹੀਂ ਮਿਲੇਗਾ, ਸਗੋਂ ਵੱਖਰੀ ਅਰਜ਼ੀ ਦੇਣੀ ਹੋਵੇਗੀ। ਅਮਰੀਕਾ ’ਚ ਅੰਤਿਮ ਹੁਕਮਾਂ ਵਾਲੇ ਲੋਕਾਂ ਦੀ ਗਿਣਤੀ ਕਰੀਬ 16 ਲੱਖ (ਸੰਸਦ ਮੈਂਬਰਾਂ ਮੁਤਾਬਕ 11.9 ਲੱਖ) ਦੱਸੀ ਗਈ ਹੈ। ਬਿੱਲ ਨੂੰ ਹਾਲੇ ਸੰਸਦ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਨਜ਼ੂਰੀ ਲੋੜੀਂਦੀ ਹੈ। ਕੈਲੀਫੋਰਨੀਆ ’ਚ 30 ਸਾਲ ਤੋਂ ਵੱਧ ਸਮਾਂ ਰਹਿਣ ਵਾਲੀ 73 ਸਾਲਾ ਭਾਰਤੀ ਮੂਲ ਦੀ ਹਰਜੀਤ ਕੌਰ ਨੂੰ ਸਤੰਬਰ 2025 ਵਿਚ ਭਾਰਤ ਭੇਜ ਦਿੱਤਾ ਗਿਆ ਸੀ। ਸੰਸਦ ਮੈਂਬਰਾਂ ਨੇ ਇਸ ਨੂੰ ਪ੍ਰਵਾਸੀਆਂ ਦੀ ਅਨਿਸ਼ਚਿਤਤਾ ਦੀ ਮਿਸਾਲ ਦੱਸਿਆ, ਹਾਲਾਂਕਿ ਇਹ ਬਿੱਲ ਉਨ੍ਹਾਂ ਦੀ ਆਪਣੇ-ਆਪ ਵਾਪਸੀ ਦਾ ਰਾਹ ਨਹੀਂ ਖੋਲ੍ਹੇਗਾ।

