Gunmen in Colombia took 30 people hostage in a supermarket!
ਕੋਲੰਬੀਆ ‘ਚ ਬੰਦੂਕਧਾਰੀਆਂ ਨੇ ਸੁਪਰਮਾਰਕੀਟ ‘ਚ 30 ਲੋਕਾਂ ਨੂੰ ਬਣਾਇਆ ਬੰਧਕ !
ਬੋਗੋਟਾ (ਆਵਾਜ਼ਿ ਕੌਮ ਬਿਊਰੋ)-ਕੋਲੰਬੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਤਰੀ ਤੱਟਵਰਤੀ ਸ਼ਹਿਰ ਕਾਰਟਾਹੇਨਾ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਇੱਕ ਬਖ਼ਤਰਬੰਦ ਕੈਸ਼ ਟ੍ਰਾਂਸਪੋਰਟ ਵਾਹਨ ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਇੱਕ ਸੁਪਰਮਾਰਕੀਟ ਵਿੱਚ ਲਗਭਗ 30 ਲੋਕਾਂ ਨੂੰ ਬੰਧਕ ਬਣਾ ਲਿਆ। ਇਸ ਘਟਨਾ ਤੋਂ ਬਾਅਦ ਪੁਲਸ, ਫੌਜ, ਨੇਵੀ ਅਤੇ ਵਿਸ਼ੇਸ਼ ਬਲਾਂ ਦੁਆਰਾ ਵੱਡੇ ਪੱਧਰ ‘ਤੇ ਸੁਰੱਖਿਆ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਅਬੇਲਾਰਦੋ ਡੇ ਲਾ ਐਸਪ੍ਰੀਏਲਾ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਘੱਟੋ-ਘੱਟ 10 ਬੰਧਕਾਂ, ਜੋ ਕਿ ਸਾਰੀਆਂ ਬਜ਼ੁਰਗ ਔਰਤਾਂ ਸਨ, ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ, ਜਦਕਿ ਬਾਕੀ ਬੰਧਕਾਂ ਨੂੰ ਛੁਡਵਾਉਣ ਲਈ ਗੱਲਬਾਤ ਅਤੇ ਕਾਰਵਾਈ ਜਾਰੀ ਹੈ। ਰਾਸ਼ਟਰਪਤੀ ਨੇ ਭਰੋਸਾ ਦਿਵਾਇਆ ਕਿ ਇਹ ਮਾਮਲਾ ਬੰਧਕਾਂ ਲਈ ਸੁਖਾਵਾਂ ਨਿਬੜੇਗਾ, ਪਰ ਅਪਰਾਧੀਆਂ ਲਈ ਬਹੁਤ ਮਾੜਾ ਸਾਬਤ ਹੋਵੇਗਾ। ਘਟਨਾ ਮੰਗਲਵਾਰ ਨੂੰ ਮਸ਼ਹੂਰ ਸੈਰ-ਸਪਾਟਾ ਸ਼ਹਿਰ ਕਾਰਟਾਹੇਨਾ ਦੀ ‘ਐਗਜ਼ਿਟੋ ਸੁਪਰਮਾਰਕੀਟ’ ਵਿਖੇ ਵਾਪਰੀ। ਰਾਸ਼ਟਰਪਤੀ ਐਸਪ੍ਰੀਏਲਾ ਨੇ ਸਪੱਸ਼ਟ ਕੀਤਾ ਕਿ ਇਹ ਕਿਸੇ ਅੱਤਵਾਦੀ ਜਾਂ ਗੁਰੀਲਾ ਸਮੂਹ ਦੁਆਰਾ ਕੀਤਾ ਗਿਆ ਅਗਵਾਕਾਂਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਕੈਸ਼ ਵੈਨ ਲੁੱਟਣ ਆਏ ਸਨ ਪਰ ਘਿਰ ਜਾਣ ਅਤੇ ਬਚਣ ਦਾ ਰਸਤਾ ਨਾ ਮਿਲਣ ਕਾਰਨ ਉਨ੍ਹਾਂ ਨੇ ਸੁਪਰਮਾਰਕੀਟ ਦੇ ਅੰਦਰ ਮੌਜੂਦ ਲੋਕਾਂ ਨੂੰ ਬੰਧਕ ਬਣਾ ਲਿਆ। ਮੀਡੀਆ ਵਿੱਚ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਮੂੰਹ ਢੱਕੇ ਹੋਏ ਹਥਿਆਰਬੰਦ ਲੁਟੇਰੇ ਰਾਈਫ਼ਲਾਂ ਲੈ ਕੇ ਸੁਪਰਮਾਰਕੀਟ ਅੰਦਰ ਬੈਠੇ ਬੰਧਕਾਂ ਦੇ ਕੋਲ ਖੜ੍ਹੇ ਦਿਖਾਈ ਦਿੱਤੇ। ਸਥਿਤੀ ਨੂੰ ਗੰਭੀਰ ਦੇਖਦਿਆਂ ਪੁਲਸ ਸਨਾਈਪਰਾਂ ਨੇ ਸੁਪਰਮਾਰਕੀਟ ਦੇ ਆਸ-ਪਾਸ ਦੀਆਂ ਇਮਾਰਤਾਂ ‘ਤੇ ਪੋਜ਼ੀਸ਼ਨਾਂ ਲੈ ਲਈਆਂ ਹਨ ਅਤੇ ਵਿਸ਼ੇਸ਼ ਬਲ ਮੁੱਖ ਗੇਟ ‘ਤੇ ਤੈਨਾਤ ਹਨ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਬਹਾਲ ਕਰਨ ਲਈ ਪ੍ਰਸ਼ਾਸਨ ਨੇ ਕਾਰਟਾਹੇਨਾ ਹਵਾਈ ਅੱਡੇ ‘ਤੇ ਆਉਣ ਵਾਲੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਮੁੜ ਚਾਲੂ ਕਰ ਦਿੱਤਾ ਗਿਆ।

