Hundreds of Punjabi families in Canada have gone bankrupt
ਕੈਨੇਡਾ ‘ਚ ਸੈਂਕੜੇ ਪੰਜਾਬੀ ਪਰਿਵਾਰ ਹੋਏ ਦੀਵਾਲੀਆ
Canada, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਸਰਕਾਰ ਦੀਆਂ ਸਖ਼ਤ ਨੀਤੀਆਂ ਕਾਰਨ ਮਹਿੰਗਾਈ ਦਰ ਵਿਚ ਵਾਧਾ ਹੋਇਆ ਹੈ। ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਹੋਏ ਉਛਾਲ ਨੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਆਰਥਿਕ ਸਥਿਤੀ ਨੂੰ ਖਾਸਾ ਪ੍ਰਭਾਵਿਤ ਕੀਤਾ ਹੈ। ਆਫ਼ਿਸ ਆਫ਼ ਦ ਸੁਪਰਇੰਟੈਂਡੈਂਟ ਆਫ਼ ਬੈਂਕਰਪਸੀ’ ਦੇ ਤਾਜ਼ਾ ਅੰਕੜਿਆਂ ਅਨੁਸਾਰ, ਸਾਲ 2026 ਦੇ ਪਹਿਲੇ ਨੌਂ ਮਹੀਨਿਆਂ (ਪਹਿਲੀਆਂ ਤਿੰਨ ਤਿਮਾਹੀਆਂ) ਦੌਰਾਨ 2009 ਤੋਂ ਬਾਅਦ ਕੈਨੇਡਾ ਵਿੱਚ ਖਪਤਕਾਰ ਦਿਵਾਲੀਆਪਨ ਦੀ ਸਭ ਤੋਂ ਵੱਡੀ ਗਿਣਤੀ ਦਰਜ ਕੀਤੀ ਗਈ ਹੈ। ‘ਕੈਨੇਡੀਅਨ ਐਸੋਸੀਏਸ਼ਨ ਆਫ਼ ਇਨਸੌਲਵੈਂਸੀ ਐਂਡ ਰੀਸਟ੍ਰਕਚਰਿੰਗ ਪ੍ਰੋਫੈਸ਼ਨਲਜ਼’ (CAIRP) ਦੇ ਅੰਕੜਿਆਂ ਮੁਤਾਬਕ ਸਾਲ ਦੀ ਤੀਜੀ ਤਿਮਾਹੀ (ਜੁਲਾਈ, ਅਗਸਤ ਅਤੇ ਸਤੰਬਰ) ਵਿੱਚ ਹੀ 36,797 ਕੈਨੇਡੀਅਨਾਂ ਨੇ ਦਿਵਾਲੀਆਪਨ ਲਈ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਇਸ ਸੰਕਟ ਦੀ ਸਭ ਤੋਂ ਵੱਧ ਮਾਰ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪੰਜਾਬੀ ਭਾਈਚਾਰੇ ਦੀ ਵੱਡੀ ਅਬਾਦੀ ਵੱਸਦੀ ਹੈ। CAIRP ਅਨੁਸਾਰ, 2008 ਦੀ ਮਹਾਂਮੰਦੀ ਦੇ ਝਟਕਿਆਂ ਤੋਂ ਬਾਅਦ ਸਾਲ 2009 ਦੇ ਪਹਿਲੇ ਨੌਂ ਮਹੀਨਿਆਂ ਤੋਂ ਲੈ ਕੇ ਹੁਣ ਤੱਕ ਦਿਵਾਲੀਆ ਹੋਣ ਵਾਲੇ ਕੈਨੇਡੀਅਨਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਇਕੁਈਫੈਕਸ ਅਤੇ ‘ਆਫ਼ਿਸ ਆਫ ਦਿ ਸੁਪਰੀਟੈਂਡੈਂਟ ਆਫ ਬੈਂਕਰਪਸੀ’ (OSB) ਦੀਆਂ ਰਿਪੋਰਟਾਂ ਮੁਤਾਬਕ, 2026 ਦੀ ਪਹਿਲੀ ਤਿਮਾਹੀ ਦੌਰਾਨ ਦੀਵਾਲੀਆਪਨ ਦੇ ਕੇਸਾਂ ਵਿੱਚ ਸਾਲਾਨਾ ਆਧਾਰ ’ਤੇ ਲਗਭਗ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸਾਲ 2009 ਦੀ ਵਿਸ਼ਵ ਵਿਆਪੀ ਆਰਥਿਕ ਮੰਦੀ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਦੀ ਹਾਲਤ ਚਿੰਤਾਜਨਕ ਹੈ, ਜਿਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਉੱਚੀਆਂ ਕੀਮਤਾਂ ’ਤੇ ਘਰ ਜਾਂ ਗੱਡੀਆਂ ਖ਼ਰੀਦਣ ਲਈ ਕਰਜ਼ਾ ਲਿਆ ਸੀ। ਆਰਥਿਕ ਮਾਹਰਾਂ ਅਨੁਸਾਰ ਵਿਆਜ ਦਰਾਂ ਵਿੱਚ ਮਾਮੂਲੀ ਵਾਧਾ ਵੀ ਕਰਜ਼ਦਾਰਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ। ਓਨਟਾਰੀਓ ਵਿੱਚ ਮਾਰਟਗੇਜ ਕਿਸ਼ਤਾਂ ਨਾ ਭਰਨ ਦੀ ਦਰ ਵਿੱਚ 52 ਫ਼ੀਸਦੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 36 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਲਗਪਗ 40 ਫ਼ੀਸਦੀ ਆਟੋ ਲੋਨ ‘ਨੈਗੇਟਿਵ ਇਕੁਇਟੀ’ ਵਿੱਚ ਚਲੇ ਗਏ ਹਨ, ਜਿਸ ਦਾ ਮਤਲਬ ਹੈ ਕਿ ਗੱਡੀ ਦੀ ਮੌਜੂਦਾ ਕੀਮਤ ਬਾਕੀ ਰਹਿੰਦੇ ਕਰਜ਼ੇ ਨਾਲੋਂ ਵੀ ਘੱਟ ਹੈ। ਲਾਈਸੈਂਸਸ਼ੁਦਾ ਇਨਸੌਲਵੈਂਸੀ ਟਰੱਸਟੀ ਅਤੇ CAIRP ਦੇ ਵਾਈਸ ਚੇਅਰ ਅਨੁਸਾਰ, ਲਗਾਤਾਰ ਉੱਚ ਗਿਣਤੀ ਇਹ ਦਰਸਾਉਂਦੀ ਹੈ ਕਿ ਕੈਨੇਡੀਅਨ ਕਰਜ਼ੇ ਦਾ ਭੁਗਤਾਨ ਕਰਨ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਸਤੰਬਰ 2025 ਤੋਂ ਸਤੰਬਰ 2026 ਦਰਮਿਆਨ ਖਪਤਕਾਰ ਦਿਵਾਲੀਆਪਨ ਵਿੱਚ ਪਿਛਲੇ 12 ਮਹੀਨਿਆਂ ਦੀ ਤੁਲਨਾ ਵਿੱਚ 5 ਫੀਸਦੀ ਦਾ ਵਾਧਾ ਹੋਇਆ ਹੈ। ਸਿਰਫ਼ ਸਤੰਬਰ ਮਹੀਨੇ ਵਿੱਚ ਹੀ 12,836 ਕੈਨੇਡੀਅਨਾਂ ਨੇ ਅਰਜ਼ੀਆਂ ਦਿੱਤੀਆਂ, ਜੋ ਕਿ ਅਗਸਤ ਨਾਲੋਂ 9.2 ਫੀਸਦੀ ਅਤੇ ਸਤੰਬਰ 2025 ਨਾਲੋਂ 1.3 ਫੀਸਦੀ ਵੱਧ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਬਾਰੇ ਅਗਲਾ ਫ਼ੈਸਲਾ 9 ਦਸੰਬਰ ਨੂੰ ਲਿਆ ਜਾਣਾ ਹੈ। ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੈਨੇਡਾ ਵਿਚ ਕਰਜ਼ਾ ਮੋੜਨ ਤੋਂ ਅਸਮਰੱਥ ਕੁਲ ਮਾਮਲਿਆਂ ਵਿਚੋਂ ਤਕਰੀਬਨ 70 ਫ਼ੀਸਦੀ ਓਨਟਾਰੀਓ ਨਾਲ ਸਬੰਧਤ ਹਨ। ਕੌਂਡੋਜ਼ ਦੇ ਮਾਲਕ ਬਣਨ ਵਾਲੇ 7.2 ਫ਼ੀਸਦੀ ਲੋਕ ਕਿਸ਼ਤਾਂ ਤੋੜ ਰਹੇ ਹਨ ਜਦਕਿ ਫ਼ਰੀਹੋਲਡ ਘਰਾਂ ‘ਤੇ ਕਰਜ਼ਾ ਲੈਣ ਵਾਲਿਆਂ ਦਾ ਅੰਕੜਾ 2.7 ਫ਼ੀਸਦੀ ਬਣਦਾ ਹੈ। 46 ਤੋਂ 55 ਸਾਲ ਦੀ ਉਮਰ ਦੇ ਲੋਕਾਂ ਵਿੱਚ ਕ੍ਰੈਡਿਟ ਕਾਰਡਾਂ ਅਤੇ ਨਿੱਜੀ ਕਰਜ਼ਿਆਂ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ। ਘਰੇਲੂ ਕਰਜ਼ਿਆਂ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਟਰੱਕਿੰਗ ਇੰਡਸਟਰੀ ਵੀ ਡਗਮਗਾ ਰਹੀ ਹੈ। ‘ਕੈਨੇਡੀਅਨ ਟਰੱਕਿੰਗ ਅਲਾਇੰਸ’ (CTA) ਅਨੁਸਾਰ ਫਰੇਟ ਦਰਾਂ ਵਿੱਚ ਗਿਰਾਵਟ, ਡੀਜ਼ਲ ਦੀਆਂ ਉੱਚੀਆਂ ਕੀਮਤਾਂ ਅਤੇ ਬੈਂਕਾਂ ਵੱਲੋਂ ਰੀ-ਫਾਇਨਾਂਸਿੰਗ ਬੰਦ ਕੀਤੇ ਜਾਣ ਕਾਰਨ ਬਰੈਂਪਟਨ, ਮਿਸੀਸਾਗਾ ਅਤੇ ਸਰੀ ਵਰਗੇ ਸ਼ਹਿਰਾਂ ਵਿੱਚ ਦਰਜਨਾਂ ਟਰੱਕਿੰਗ ਕੰਪਨੀਆਂ ਬੰਦ ਹੋ ਚੁੱਕੀਆਂ ਹਨ। ਕਈ ਓਨਰ-ਅਪਰੇਟਰਾਂ ਦੇ ਟਰੱਕ ਬੈਂਕਾਂ ਵੱਲੋਂ ਜ਼ਬਤ ਕੀਤੇ ਜਾ ਰਹੇ ਹਨ। ‘ਕੈਨੇਡੀਅਨ ਐਸੋਸੀਏਸ਼ਨ ਆਫ ਇਨਸੌਲਵੈਂਸੀ’ (CAIRP) ਦੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਰਾਹਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਹੋਰ ਪਰਿਵਾਰ ਦੀਵਾਲੀਆ ਹੋ ਸਕਦੇ ਹਨ। ਪੰਜਾਬੀ ਨੌਜਵਾਨਾਂ ਲਈ ਇਹ ਸਮਾਂ ਬਹੁਤ ਸੰਘਰਸ਼ਪੂਰਨ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਉਨ੍ਹਾਂ ਨੇ ਵੱਡੇ ਕਰਜ਼ੇ ਲੈ ਕੇ ਕੈਨੇਡਾ ਵਿੱਚ ਆਪਣੇ ਸੁਪਨੇ ਦੇਖੇ ਸਨ, ਜੋ ਹੁਣ ਖ਼ਤਰੇ ਵਿੱਚ ਨਜ਼ਰ ਆ ਰਹੇ ਹਨ।

