Risk of recession for Australia’s economy; rising unemployment sparks concern
ਆਸਟ੍ਰੇਲੀਆ ਦੀ ਅਰਥਵਿਵਸਥਾ ‘ਤੇ ਮੰਦੀ ਦਾ ਖ਼ਤਰਾ, ਬੇਰੁਜ਼ਗਾਰੀ ਵਧਣ ਨਾਲ ਚਿੰਤਾ
ਬ੍ਰਿਸਬੇਨ (ਆਵਾਜ਼ਿ ਕੌਮ ਬਿਊਰੋ)-ਆਸਟ੍ਰੇਲੀਆ ਵਿੱਚ ਵਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਘਰੇਲੂ ਖ਼ਰਚਿਆਂ ਦੇ ਦਬਾਅ ਕਾਰਨ ਅਰਥਵਿਵਸਥਾ ‘ਤੇ ਮੰਦੀ ਦੇ ਬੱਦਲ ਮੰਡਰਾਉਣ ਲੱਗੇ ਹਨ। ਦੇਸ਼ ਦੀ ਆਰਥਿਕ ਸਥਿਤੀ ਬਾਰੇ ਤਾਜ਼ਾ ਅੰਕੜਿਆ ਨੇ ਅਰਥਸ਼ਾਸਤਰੀਆਂ ਅਤੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਅਨੁਸਾਰ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਆਸਟ੍ਰੇਲੀਆ ਦੀ ਅਰਥਵਿਵਸਥਾ ਮੰਦੀ ਦੇ ਹੋਰ ਨੇੜੇ ਪਹੁੰਚ ਸਕਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ 2026 ਦੌਰਾਨ ਆਸਟ੍ਰੇਲੀਆ ਵਿੱਚ 43,500 ਨੌਕਰੀਆਂ ਘਟੀਆਂ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਵਧ ਕੇ 4.9 ਫ਼ੀਸਦੀ ਹੋ ਗਈ ਹੈ। ਇਹ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਉੱਚਾ ਪੱਧਰ ਦੱਸਿਆ ਜਾ ਰਿਹਾ ਹੈ। ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵੀ ਵਧ ਕੇ 750,000 ਤੱਕ ਪਹੁੰਚ ਗਈ ਹੈ। ਇਸ ਦੌਰਾਨ ਅਮਰੀਕੀ ਅਰਥਸ਼ਾਸਤਰੀ ਕਲੌਡੀਆ ਸਾਹਮ ਵੱਲੋਂ ਵਿਕਸਤ ਕੀਤੇ ਗਏ ‘ਸਾਹਮ ਰੂਲ’ ਨਾਮਕ ਆਰਥਿਕ ਸੂਚਕ ਅੰਕ ਨੇ ਵੀ ਚਿੰਤਾ ਵਧਾਈ ਹੈ। ਇਹ ਸੂਚਕ ਬੇਰੁਜ਼ਗਾਰੀ ਵਿੱਚ ਵਾਧੇ ਦੇ ਆਧਾਰ ‘ਤੇ ਮੰਦੀ ਦੇ ਖ਼ਤਰੇ ਦਾ ਅੰਦਾਜ਼ਾ ਲਗਾਉਂਦਾ ਹੈ। ਆਸਟ੍ਰੇਲੀਆ ਲਈ ਇਸ ਦੀ ਨਿਰਧਾਰਤ ਹੱਦ 0.75 ਫ਼ੀਸਦੀ ਹੈ, ਜਦਕਿ ਮੌਜੂਦਾ ਅੰਕੜਾ 0.6 ਫ਼ੀਸਦੀ ਤੱਕ ਪਹੁੰਚ ਗਿਆ ਹੈ। ਅਰਥਸ਼ਾਸਤਰੀ ਸੌਲ ਐਸਲੇਕ ਅਨੁਸਾਰ ਜੇਕਰ ਬੇਰੁਜ਼ਗਾਰੀ ਵਿੱਚ ਵਾਧੇ ਦਾ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਜਨਵਰੀ 2027 ਤੱਕ ਇਹ ਸੂਚਕ ਨਿਰਧਾਰਤ ਹੱਦ ਪਾਰ ਕਰ ਸਕਦਾ ਹੈ, ਜੋ ਆਰਥਿਕ ਮੰਦੀ ਦੇ ਖ਼ਤਰੇ ਵੱਲ ਗੰਭੀਰ ਸੰਕੇਤ ਹੋਵੇਗਾ। ਦੂਜੇ ਪਾਸੇ ਮਹਿੰਗਾਈ ਨੂੰ ਕਾਬੂ ਕਰਨ ਲਈ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਵਾਧਿਆਂ ਨੇ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਖੜੀਆ ਕੀਤੀਆ ਹਨ। ਘਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ, ਰੋਜ਼ਾਨਾ ਦੀਆਂ ਲੋੜਾਂ ਅਤੇ ਰਹਿਣ-ਸਹਿਣ ਦੇ ਖ਼ਰਚਿਆਂ ਕਾਰਨ ਪਰਿਵਾਰਾਂ ਦੇ ਬਜਟ ‘ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਮਾਹਿਰਾਂ ਅਨੁਸਾਰ ਆਸਟ੍ਰੇਲੀਆ ਅਜੇ ਤਕ ਅਧਿਕਾਰਤ ਤੌਰ ‘ਤੇ ਮੰਦੀ ਵਿੱਚ ਦਾਖ਼ਲ ਨਹੀਂ ਹੋਇਆ, ਪਰ ਵਧਦੀ ਬੇਰੁਜ਼ਗਾਰੀ ਅਤੇ ਆਰਥਿਕ ਅਨਿਸ਼ਚਿਤਤਾ ਆਉਣ ਵਾਲੇ ਸਮੇਂ ਲਈ ਚੁਣੌਤੀ ਬਣ ਸਕਦੀ ਹੈ। ਮਾਹਿਰਾਂ ਦੀ ਨਜ਼ਰ ਹੁਣ ਆਉਣ ਵਾਲੇ ਮਹੀਨਿਆਂ ਦੇ ਰੁਜ਼ਗਾਰ, ਮਹਿੰਗਾਈ ਅਤੇ ਆਰਥਿਕ ਵਿਕਾਸ ਦੇ ਅੰਕੜਿਆਂ ‘ਤੇ ਟਿਕੀ ਹੋਈ ਹੈ।

