Suspected terrorist Uzaid Qureshi arrested in Meerut
ਮੇਰਠ ’ਚ ਸ਼ੱਕੀ ਅੱਤਵਾਦੀ ਉਜ਼ੈਦ ਕੁਰੈਸ਼ੀ ਗ੍ਰਿਫ਼ਤਾਰ
ਮੇਰਠ (ਆਵਾਜ਼ਿ ਕੌਮ ਬਿਊਰੋ)- ਸੁਰੱਖਿਆ ਏਜੰਸੀਆਂ ਨੇ ਸੋਮਵਾਰ ਦੇਰ ਰਾਤ ਉੱਤਰ ਪ੍ਰਦੇਸ਼ ਦੇ ਮੇਰਠ ’ਚ ਸ਼ੱਕੀ ਅੱਤਵਾਦੀ ਉਜ਼ੈਦ ਕੁਰੈਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਕਰ ਕੇ ਜੰਮੂ-ਕਸ਼ਮੀਰ ’ਚ ਇਕ ਫੌਜੀ ਏਅਰਬੇਸ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਉਸ ਦਾ ਨਾਂ ਪਾਕਿਸਤਾਨੀ ਹੈਂਡਲਰ ਸ਼ਹਿਜ਼ਾਦ ਭੱਟੀ ਗੈਂਗ ਨਾਲ ਜੁੜੇ ਇਕ ਮਾਮਲੇ ’ਚ ਵੀ ਸਾਹਮਣੇ ਆਇਆ ਹੈ। ਜਾਂਚ ਏਜੰਸੀਆਂ ਅਨੁਸਾਰ ਉਜ਼ੈਦ 27 ਨਵੰਬਰ, 2025 ਨੂੰ ਜੰਮੂ-ਕਸ਼ਮੀਰ ’ਚ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀ ਮੁਹੰਮਦ ਸਾਜਿਦ ਦੇ ਸੰਪਰਕ ’ਚ ਸੀ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਸਾਜਿਦ ਦੱਸਿਆ ਸੀ। ਪੁਲਸ ਨੇ ਉਜ਼ੈਦ ਦੇ ਮੋਬਾਈਲ ਫੋਨ ’ਤੇ ਆਤਮਘਾਤੀ ਹਮਲੇ ਨਾਲ ਸਬੰਧਤ ਸ਼ੱਕੀ ਵ੍ਹਟਸਐਪ ਚੈਟ ਬਰਾਮਦ ਕੀਤੀ ਹੈ। ਉਜ਼ੈਦ ਮੇਰਠ ਦੇ ਕੋਤਵਾਲੀ ਖੇਤਰ ਦੇ ਬਨੀਆਪਾੜਾ ਦਾ ਰਹਿਣ ਵਾਲਾ ਹੈ। 18 ਜਨਵਰੀ, 2026 ਨੂੰ ਯੂ. ਪੀ. ਏ. ਟੀ. ਐੱਸ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਉਸ ਦੇ ਘਰ ਛਾਪਾ ਮਾਰਿਆ ਪਰ ਉਹ ਫਰਾਰ ਹੋ ਗਿਆ। ਉਸ ‘ਤੇ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਤੇ ਉਨ੍ਹਾਂ ਨੂੰ ਅੱਤਵਾਦੀ ਸਰਗਰਮੀਆਂ ਨਾਲ ਜੋੜਨ ਦਾ ਵੀ ਸ਼ੱਕ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਈ. ਬੀ., ਏ. ਟੀ. ਐੱਸ. ਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ। ਉਸ ਦੇ ਡਿਜੀਟਲ ਸੰਪਰਕਾਂ ਤੇ ਕਥਿਤ ਅੱਤਵਾਦੀ ਨੈੱਟਵਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

