Bibi Bhattal takes a dig at Captain! Says—now is the time to remember God
ਬੀਬੀ ਭੱਠਲ ਦਾ ਕੈਪਟਨ ‘ਤੇ ਤੰਜ! ਕਿਹਾ-ਹੁਣ ਭਗਵਾਨ ਦਾ ਨਾਮ ਲੈਣ ਦਾ ਸਮਾਂ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਹੈ। ਚੰਡੀਗੜ੍ਹ ਵਿਖੇ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਕੈਪਟਨ ਖ਼ੁਦ ਕਹਿ ਰਹੇ ਹਨ ਕਿ ਉਹ ਕਾਂਗਰਸ ‘ਚ ਵਾਪਸ ਜਾਣ ਲਈ ਤਿਆਰ ਹਨ। ਭਾਜਪਾ ‘ਚ ਹੁਣ ਉਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ। ਬੀਬੀ ਭੱਠਲ ਨੇ ਤੰਜ ਕੱਸਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਸਿਆਸਤ ‘ਚ ਵਾਪਸੀ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਖ਼ੁਦ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਕੋਈ ਹੋਰ ਆਗੂ, ਹੁਣ ਭਗਵਾਨ ਦਾ ਨਾਮ ਲੈਣ ਦਾ ਸਮਾਂ ਹੈ। ਬਹੁਤ ਰਾਜ ਕਰ ਲਿਆ, ਹੁਣ ਸੱਤਾ ਦੀ ਭੁੱਖ ਨਹੀਂ ਰੱਖਣੀ ਚਾਹੀਦੀ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗਠਜੋੜ ਬਾਰੇ ਬੋਲਦੇ ਬੀਬੀ ਭੱਠਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਪਹਿਲਾਂ ਵੀ ਗਠਜੋੜ ਹੁੰਦਾ ਰਿਹਾ ਹੈ। ਕਾਂਗਰਸ ਪਹਿਲਾਂ ਵੀ ਇਨ੍ਹਾਂ ਨੂੰ ਹਰਾ ਕੇ ਸਰਕਾਰ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਗਠਜੋੜ ਕਦੇ ਟੁੱਟਿਆ ਹੀ ਨਹੀਂ ਸੀ, ਪਿਛਲੇ ਸਮੇਂ ‘ਚ ਸਿਰਫ਼ ਡਰਾਮਾ ਕੀਤਾ ਗਿਆ ਸੀ। ਇਸ ਲਈ ਇਸ ਗਠਜੋੜ ਦਾ ਕਾਂਗਰਸ ‘ਤੇ ਕੋਈ ਅਸਰ ਨਹੀਂ ਪਵੇਗਾ। ਬੀਬੀ ਭੱਠਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਾਂ ਦੇ ਖਾਤਿਆਂ ‘ਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਦਾ ਜ਼ਿਕਰ ਕਰਦੇ ਕਿਹਾ ਕਿ ਲੋਕਾਂ ਦੇ ਖਾਤਿਆਂ ‘ਚ ਪੈਸੇ ਨਹੀਂ ਆਏ। ਉਨ੍ਹਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵਾਅਦਿਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਈ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ ਜਾਂ ਫਿਰ ਸਰਕਾਰੀ ਪੈਸਾ ਖ਼ਰਚ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਮੀਨੀ ਪੱਧਰ ‘ਤੇ ਕੰਮ ਨਜ਼ਰ ਨਹੀਂ ਆ ਰਿਹਾ।

