RTI revelation punctures ‘AAP’ government’s ‘war against drugs’; 5-6 cases being registered daily is a cause for concern: Singla
RTI ਦੇ ਖੁਲਾਸੇ ਨੇ ‘ਆਪ’ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਕੱਢੀ ਫੂਕ, ਰੋਜ਼ 5-6 ਕੇਸ ਦਰਜ ਹੋਣਾ ਚਿੰਤਾਜਨਕ: ਸਿੰਗਲਾ
ਬਠਿੰਡਾ (ਆਵਾਜ਼ਿ ਕੌਮ ਬਿਊਰੋ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਜ਼ਿਲ੍ਹਾ ਪੁਲਸ ਮੁਖੀ (ਐੱਸਐੱਸਪੀ) ਦਫ਼ਤਰ ਵੱਲੋਂ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ‘ਨਸ਼ਾ-ਮੁਕਤ ਪੰਜਾਬ’ ਦੇ ਦਾਅਵਿਆਂ ਨੂੰ ਕੋਰਾ ਝੂਠ ਕਰਾਰ ਦਿੱਤਾ ਹੈ। ਸਿੰਗਲਾ ਨੇ ਕਿਹਾ ਕਿ ਆਰਟੀਆਈ ਕਾਰਕੁੰਨ ਅਤੇ ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਵੱਲੋਂ ਹਾਸਲ ਕੀਤੇ ਸਰਕਾਰੀ ਅੰਕੜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਰਚ 2025 ਵਿੱਚ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਮਹਿਜ਼ ਅਖ਼ਬਾਰੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦਾ ਸਾਧਨ ਬਣ ਕੇ ਰਹਿ ਗਈ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਬਠਿੰਡਾ ਵਿੱਚ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਵੀ ਵੱਧ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਵੇਰਵੇ ਸਾਂਝੇ ਕਰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਪਿਛਲੇ ਪੌਣੇ ਸੱਤ ਸਾਲਾਂ (ਜਨਵਰੀ 2020 ਤੋਂ 18 ਨਵੰਬਰ 2026) ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 6,596 ਕੇਸ ਦਰਜ ਹੋਏ, ਜਿਨ੍ਹਾਂ ਵਿੱਚੋਂ 6,171 (93.5 ਫ਼ੀਸਦੀ) ਕੇਸ ਨਸ਼ਾ ਸਪਲਾਈ ਕਰਨ ਵਾਲੇ ਪੈਡਲਰਾਂ ਖ਼ਿਲਾਫ਼ ਸਨ। ਹੈਰਾਨੀਜਨਕ ਤੱਥ ਇਹ ਹੈ ਕਿ ਸੱਤ ਸਾਲਾਂ ਦੇ ਕੁੱਲ ਮਾਮਲਿਆਂ ਵਿੱਚੋਂ 58.3 ਫ਼ੀਸਦੀ (3,846 ਕੇਸ) ਇਕੱਲੇ 2025 ਅਤੇ 2026 ਦੇ ਦੋ ਸਾਲਾਂ ਦੌਰਾਨ ਦਰਜ ਹੋਏ ਹਨ। ਜਿੱਥੇ 2020 ਤੋਂ 2024 ਤੱਕ ਸਾਲਾਨਾ ਕੇਸ 464 ਤੋਂ 620 ਦਰਮਿਆਨ ਸਨ, ਉੱਥੇ ਹੀ ਸਾਲ 2026 ਵਿੱਚ 18 ਨਵੰਬਰ ਤੱਕ ਹੀ 2,062 ਮੁਕੱਦਮੇ ਦਰਜ ਹੋ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਅੱਜ ਬਠਿੰਡਾ ਵਿੱਚ ਰੋਜ਼ਾਨਾ ਔਸਤਨ 5 ਤੋਂ 6 ਕੇਸ ਦਰਜ ਹੋ ਰਹੇ ਹਨ ਅਤੇ ਹਰ ਮਹੀਨੇ 74 ਤੋਂ ਵੱਧ ਗ੍ਰਿਫ਼ਤਾਰੀਆਂ ਦੇ ਬਾਵਜੂਦ ਨਸ਼ੇ ਦੀ ਸਪਲਾਈ ਨਿਰਵਿਘਨ ਜਾਰੀ ਹੈ। ਸਿੰਗਲਾ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਬਠਿੰਡਾ ਸ਼ਹਿਰ ਅਤੇ ਪਿੰਡਾਂ ਵਿੱਚ ਧੀਆਂ-ਪੁੱਤ ਨਸ਼ੇ ਦੀ ਓਵਰਡੋਜ਼ ਕਾਰਨ ਗਲੀਆਂ ਵਿੱਚ ਬੇਹੋਸ਼ ਡਿੱਗੇ ਮਿਲਦੇ ਹਨ, ਪਰ ਪ੍ਰਸ਼ਾਸਨ ਸਿਰਫ਼ ਛੋਟੇ-ਮੋਟੇ ਪੈਡਲਰਾਂ ਨੂੰ ਫੜ ਕੇ ਅੰਕੜਿਆਂ ਦੀ ਖ਼ਾਨਾਪੂਰਤੀ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੁਲਸ ਹਰ ਮਹੀਨੇ 80 ਦੇ ਕਰੀਬ ਕੇਸ ਦਰਜ ਕਰ ਰਹੀ ਹੈ ਤਾਂ ਜ਼ਿਲ੍ਹੇ ਅੰਦਰ ਸਿੰਥੈਟਿਕ ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਵੱਡੇ ਕਿੰਗਪਿਨ ਅਤੇ ਮਾਫ਼ੀਆ ਸਰਗਣੇ ਅਜੇ ਤੱਕ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਕਿਉਂ ਹਨ? ਉਨ੍ਹਾਂ ਮੰਗ ਕੀਤੀ ਕਿ ‘ਆਪ’ ਸਰਕਾਰ ਕਾਗ਼ਜ਼ੀ ਡਰਾਮੇਬਾਜ਼ੀ ਬੰਦ ਕਰਕੇ ਨਸ਼ਾ ਤਸਕਰਾਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਨੂੰ ਤੁਰੰਤ ਖ਼ਤਮ ਕਰੇ, ਨਸ਼ੇ ਦੀ ਮੁੱਖ ਸਪਲਾਈ ਲਾਈਨ ਨੂੰ ਜੜ੍ਹੋਂ ਪੁੱਟਣ ਲਈ ਠੋਸ ਕਦਮ ਚੁੱਕੇ ਅਤੇ ਨਸ਼ਾ ਪੀੜਤ ਨੌਜਵਾਨਾਂ ਦੇ ਮੁਫ਼ਤ ਤੇ ਪੁਖ਼ਤਾ ਇਲਾਜ ਲਈ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਸੁਧਾਰੇ।

