These contractual employees in Fazilka will be regularized; a notification has been issued, ending a 15-year wait
ਫਾਜ਼ਿਲਕਾ ਦੇ ਇਹ ਕੱਚੇ ਮੁਲਾਜ਼ਮ ਹੋਣਗੇ ਪੱਕੇ, ਜਾਰੀ ਹੋਈ ਨੋਟੀਫਿਕਸ਼ਨ, 15 ਸਾਲਾਂ ਦੀ ਉਡੀਕ ਮੁੱਕੀ
ਫਾਜ਼ਿਲਕਾ (ਆਵਾਜ਼ਿ ਕੌਮ ਬਿਊਰੋ)-ਇੱਥੇ ਉਨ੍ਹਾਂ 137 ਪਰਿਵਾਰਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਜੋ 15 ਸਾਲ ਪਹਿਲਾਂ ਭਰਤੀ ਹੋਏ ਸਨ ਅਤੇ ਜਿਨ੍ਹਾਂ ਨੂੰ ਪਹਿਲਾਂ ਕੱਚੇ ਸਫਾਈ ਸੇਵਕ ਅਤੇ ਸੀਵਰਮੈਨ ਵਜੋਂ ਭਰਤੀ ਕੀਤਾ ਗਿਆ ਸੀ। ਵਿਭਾਗ ਵੱਲੋਂ ਉਨ੍ਹਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਦੀ ਪ੍ਰਧਾਨ ਬਣੀ ਅਨੀਤਾ ਜੈਰਥ ਦੇ ਕਦਮ ਉਨ੍ਹਾਂ 137 ਪਰਿਵਾਰਾਂ ਲਈ ਸ਼ੁਭ ਸਾਬਿਤ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਅਤੇ ਸਾਬਕਾ ਕੌਂਸਲਰ ਅਸ਼ੋਕ ਜੈਰਥ ਨੇ ਆਪਣੇ 15 ਸਾਲ ਪੁਰਾਣੇ ਕਾਰਜਕਾਲ ’ਚ ਨਗਰ ਕੌਂਸਲ ’ਚ ਭਰਤੀ ਕੀਤਾ ਸੀ। ਹੁਣ ਸਥਾਨਕ ਸਰਕਾਰਾਂ ਵਿਭਾਗ, ਸਰਕਾਰ ਵੱਲੋਂ ਨਗਰ ਕੌਂਸਲ ਫਾਜ਼ਿਲਕਾ ’ਚ ਕੰਮ ਕਰ ਰਹੇ ਉਨ੍ਹਾਂ 137 ਸਫ਼ਾਈ ਕਰਮਚਾਰੀਆਂ ਨੂੰ ਨਿਯਮਤ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ’ਚ 117 ਸਫਾਈ ਕਰਮਚਾਰੀ ਅਤੇ 20 ਸੀਵਰਮੈਨ ਸ਼ਾਮਲ ਹਨ। ਇਸ ’ਤੇ ਪ੍ਰਧਾਨ ਜੈਰਥ ਅਤੇ ਅਸ਼ੋਕ ਜੈਰਥ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸਫਾਈ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗੀ ਪੱਤਰ ਨੰਬਰ A1-GB-DLG-2026/2572 ਮਿਤੀ 25 ਨਵੰਬਰ 2026 ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ’ਚ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਸਤਾਵ, ਜੋ ਕਿ ਪ੍ਰਧਾਨ ਅਨੀਤਾ ਜੈਰਥ ਨੇ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਮਾਸਿਕ ਮੀਟਿੰਗ ’ਚ ਸਾਰੇ ਸਾਥੀ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕੀਤਾ ਸੀ, ਬਾਰੇ ਅਤੇ ਸਬੰਧਿਤ ਦਫ਼ਤਰ ਵੱਲੋਂ ਭੇਜੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਕਰਮਚਾਰੀਆਂ ਨੂੰ ਨਿਯਮਤ ਕਰਨ ਦੀ ਪ੍ਰਕਿਰਿਆ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਨਿਯਮਤ ਨਿਯੁਕਤੀ ਲਈ ਵੱਖ-ਵੱਖ ਸ਼ਰਤਾਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਵਿਭਾਗੀ ਹੁਕਮ ਅਨੁਸਾਰ ਕਰਮਚਾਰੀਆਂ ਦੀ ਨਿਯੁਕਤੀ ਨਿਰਧਾਰਤ ਨਿਯਮਾਂ ਅਤੇ ਸੇਵਾ ਸ਼ਰਤਾਂ ਅਧੀਨ ਹੋਵੇਗੀ। ਨਿਯਮਤ ਨਿਯੁਕਤੀ ਤੋਂ ਪਹਿਲਾਂ ਕਰਮਚਾਰੀਆਂ ਦੇ ਦਸਤਾਵੇਜ਼ਾਂ, ਯੋਗਤਾ ਅਤੇ ਹੋਰ ਲੋੜੀਂਦੀਆਂ ਰਸਮੀ ਕਾਰਵਾਈਆਂ ਦੀ ਜਾਂਚ ਕੀਤੀ ਜਾਵੇਗੀ। ਸਬੰਧਿਤ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਨਿਯੁਕਤੀ ਲਈ ਨਿਰਧਾਰਤ ਮਾਪਦੰਡ ਪੂਰੇ ਕੀਤੇ ਗਏ ਹੋਣ। ਨੋਟੀਫਿਕੇਸ਼ਨ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀਆਂ ਦੀ ਨਿਯਮਤ ਨਿਯੁਕਤੀ ਤੋਂ ਪੈਦਾ ਹੋਣ ਵਾਲੀ ਵਿੱਤੀ ਜ਼ਿੰਮੇਵਾਰੀ ਸਬੰਧਿਤ ਨਗਰ ਕੌਂਸਲ ਦੀ ਹੋਵੇਗੀ। ਇਸ ਸਬੰਧੀ ਸਰਕਾਰ ਵੱਲੋਂ ਵਾਧੂ ਵਿੱਤੀ ਸਹਾਇਤਾ ਜਾਂ ਖ਼ਰਚ ਦੀ ਭਰਪਾਈ ਦਾ ਦਾਅਵਾ ਨਹੀਂ ਕੀਤਾ ਜਾ ਸਕੇਗਾ। ਹੁਕਮਾਂ ਤਹਿਤ ਸਬੰਧਿਤ ਅਧਿਕਾਰੀ ਕਰਮਚਾਰੀਆਂ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕਰਨ ਅਤੇ ਲੋੜੀਂਦੀਆਂ ਰਸਮੀ ਕਾਰਵਾਈਆਂ ਨਿਭਾਉਣ ਤੋਂ ਬਾਅਦ ਨਿਯੁਕਤੀ ਪੱਤਰ ਜਾਰੀ ਕਰਨਗੇ। ਨੋਟੀਫਿਕੇਸ਼ਨ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਨਿਯਮਤ ਨਿਯੁਕਤੀ ਤੋਂ ਬਾਅਦ ਕਰਮਚਾਰੀਆਂ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਤਨਖ਼ਾਹ ਅਤੇ ਹੋਰ ਸਹੂਲਤਾਂ ਮਿਲਣਗੀਆਂ। ਹਾਲਾਂਕਿ ਪਹਿਲਾਂ ਦੀ ਠੇਕਾ ਜਾਂ ਆਊਟਸੋਰਸਿੰਗ ਸੇਵਾ ਦੇ ਆਧਾਰ ’ਤੇ ਸੀਨੀਅਰਤਾ, ਬਕਾਇਆ ਤਨਖ਼ਾਹ, ਪੈਨਸ਼ਨ ਜਾਂ ਹੋਰ ਸੇਵਾ ਲਾਭ ਆਪਣੇ ਆਪ ਲਾਗੂ ਨਹੀਂ ਹੋਣਗੇ। ਇਸ ਨੋਟੀਫਿਕੇਸ਼ਨ ਨਾਲ ਨਗਰ ਕੌਂਸਲ ਫਾਜ਼ਿਲਕਾ ’ਚ ਲੰਬੇ ਸਮੇਂ ਤੋਂ ਸਫਾਈ ਵਿਵਸਥਾ ਨਾਲ ਜੁੜੇ ਕੰਮ ਕਰ ਰਹੇ 137 ਕਰਮਚਾਰੀਆਂ ਦੀ ਨਿਯਮਤ ਨਿਯੁਕਤੀ ਦਾ ਰਾਹ ਸਾਫ ਹੋਇਆ ਹੈ। ਪ੍ਰਧਾਨ ਅਨੀਤਾ ਜੈਰਥ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਪਤੀ ਅਸ਼ੋਕ ਜੈਰਥ ਦੇ ਕਾਰਜਕਾਲ ’ਚ ਕੀਤਾ ਗਿਆ ਵਾਅਦਾ ਉਨ੍ਹਾਂ ਦੇ ਕਾਰਜਕਾਲ ’ਚ ਪੂਰਾ ਹੋਇਆ ਹੈ।

