IPS Gurpreet Singh Bhullar will once again take charge as Jalandhar Police Commissioner
IPS ਗੁਰਪ੍ਰੀਤ ਸਿੰਘ ਭੁੱਲਰ ਫਿਰ ਸੰਭਾਲਣਗੇ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਨੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਇਕ ਵਾਰ ਫਿਰ ਜਲੰਧਰ ਦਾ ਪੁਲਸ ਕਮਿਸ਼ਨਰ ਨਿਯੁਕਤ ਕੀਤਾ ਹੈ। ਭੁੱਲਰ ਇਸ ਤੋਂ ਪਹਿਲਾਂ ਵੀ ਜਲੰਧਰ ਵਿਚ ਪੁਲਸ ਕਮਿਸ਼ਨਰ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਜਲੰਧਰ ਦੀ ਭੂਗੋਲਿਕ ਸਥਿਤੀ, ਇਥੋਂ ਦੇ ਲੋਕਾਂ, ਸਮਾਜਿਕ ਹਾਲਾਤ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਉਹ ਭਲੀ-ਭਾਂਤ ਜਾਣੂ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਭੁੱਲਰ ਨੇ ਸਤੰਬਰ 2018 ਵਿਚ ਜਲੰਧਰ ਦੇ ਪੁਲਸ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ ਸੀ ਅਤੇ ਸਤੰਬਰ 2021 ਤਕ ਇਸ ਅਹੁਦੇ ’ਤੇ ਤਾਇਨਾਤ ਰਹੇ ਸਨ। ਇਸ ਤੋਂ ਪਹਿਲਾਂ ਉਹ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਵੀ ਰਹਿ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਹ ਅੰਮ੍ਰਿਤਸਰ ਵਿਚ ਪੁਲਸ ਕਮਿਸ਼ਨਰ ਅਹੁਦੇ ’ਤੇ ਰਹੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਬਾਰਡਰ ਰੇਂਜ ਦਾ ਆਈ. ਜੀ. ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਛਲੇ ਕਾਰਜਕਾਲ ਵਿਚ ਅਪਰਾਧ ’ਤੇ ਕੰਟਰੋਲ, ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਪੁਲਸ ਤੇ ਜਨਤਾ ਵਿਚ ਬਿਹਤਰ ਤਾਲਮੇਲ ਸਥਾਪਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ। ਆਪਣੀ ਨਵੀਂ ਨਿਯੁਕਤੀ ’ਤੇ ਭੁੱਲਰ ਨੇ ਕਿਹਾ ਕਿ ਜਲੰਧਰ ਉਨ੍ਹਾਂ ਲਈ ਜਾਣਿਆ-ਪਛਾਣਿਆ ਸ਼ਹਿਰ ਹੈ। ਉਹ ਇਥੋਂ ਦੇ ਲੋਕਾਂ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ ਅਤੇ ਸ਼ਹਿਰ ਦੇ ਹਾਲਾਤ ਅਤੇ ਸਮੱਸਿਆਵਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ਲਈ ਆਪਣਾ ਸਰਵਸ੍ਰੇਸ਼ਟ ਯੋਗਦਾਨ ਦੇਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਪੁਲਸ ਵਿਵਸਥਾ ਉਪਲੱਬਧ ਕਰਵਾਉਣਾ, ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਉਚਿਤ ਹੱਲ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ। ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ 1-2 ਦਿਨਾਂ ਵਿਚ ਜਲੰਧਰ ਵਿਚ ਆਪਣਾ ਚਾਰਜ ਸੰਭਾਲਣਗੇ। ਫਿਲਹਾਲ ਉਨ੍ਹਾਂ ਦੀ ਡਿਊਟੀ ਮੋਗਾ ਵਿਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ਦੀ ਸੁਰੱਖਿਆ ਨੂੰ ਲੈ ਕੇ ਲਗਾਈ ਗਈ ਹੈ। ਸੰਭਾਵਨਾ ਹੈ ਕਿ ਉਹ 27 ਨਵੰਬਰ ਨੂੰ ਜਲੰਧਰ ਵਿਚ ਆਪਣਾ ਚਾਰਜ ਸੰਭਾਲਣਗੇ।

