Robbers opened fire and stole a car; the owner shut off the vehicle’s engine using GPS and tracked it down within two and a half hours
ਲੁਟੇਰਿਆਂ ਨੇ ਫਾਇਰਿੰਗ ਕਰ ਲੁੱਟੀ ਕਾਰ, ਮਾਲਕ ਨੇ GPS ਨਾਲ ਗੱਡੀ ਦਾ ਇੰਜਣ ਬੰਦ ਕਰ ਢਾਈ ਘੰਟਿਆਂ ‘ਚ ਲੱਭੀ ਕਾਰ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ ਦਿਹਾਤ ਵਿਚ ਵੀਰਵਾਰ ਸ਼ਾਮ ਲਗਭਗ 6.30 ਵਜੇ ਪਿੰਡ ਦੇ ਲਿੱਧੜਾਂ ਪੁਲ ਨੇੜੇ ਹਥਿਆਰਬੰਦ ਲੁਟੇਰਿਆਂ ਨੇ ਹਵਾ ਵਿਚ ਗੋਲੀ ਚਲਾ ਕੇ ਇਕ ਟੈਕਸੀ ਡਰਾਈਵਰ ਦੀ ਈਟੀਓਸ ਕਾਰ ਲੁੱਟ ਲਈ ਤੇ ਭੱਜਣ ’ਚ ਕਾਮਯਾਬ ਹੋ ਗਏ। ਕਾਰ ਮਾਲਕਾਂ ਨੇ ਜੀ. ਪੀ. ਐੱਸ. ਸਿਸਟਮ ਦੀ ਵਰਤੋਂ ਕਰ ਕੇ ਖੁਦ ਕਾਰ ਦੀ ਭਾਲ ਸ਼ੁਰੂ ਕੀਤੀ ਅਤੇ ਰਾਤ ਲਗਭਗ 8.30 ਵਜੇ ਸਿਰਫ ਦੋ ਘੰਟਿਆਂ ’ਚ ਆਪਣੀ ਕਾਰ ਸੁਰੱਖਿਅਤ ਬਰਾਮਦ ਕਰ ਲਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਟੈਕਸੀ ਡਰਾਈਵਰ ਦਲਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਲਿੱਧੜਾਂ ਪਿੰਡ ਨੇ ਦੱਸਿਆ ਕਿ ਉਹ ਸ਼ਾਮ ਨੂੰ ਘਰ ਵਾਪਸ ਆਇਆ ਸੀ ਤੇ ਲਿੱਧੜਾਂ ਫਲਾਈਓਵਰ ਦੇ ਹੇਠਾਂ ਗੋਲਗੱਪੇ ਖਾਣ ਲਈ ਰੁਕਿਆ ਹੀ ਸੀ ਕਿ ਇਕ ਨੌਜਵਾਨ ਆਇਆ ਤੇ ਦਹਿਸ਼ਤ ਫੈਲਾਉਣ ਲਈ ਹਵਾ ਵਿਚ ਗੋਲੀ ਚਲਾ ਦਿੱਤੀ। ਉਕਤ ਨੌਜਵਾਨ ਨੇ ਪਿਸਤੌਲ ਦਿਖਾ ਕੇ ਉਸ ਦੀ ਈਟੀਓਸ ਕਾਰ ਖੋਹ ਲਈ ਤੇ ਮੌਕੇ ਤੋਂ ਭੱਜ ਗਿਆ। ਕਾਰ ਲੁੱਟਣ ਤੋਂ ਬਾਅਦ ਉਕਤ ਡਰਾਈਵਰ ਨੂੰ ਪਤਾ ਲੱਗਾ ਕਿ ਉਸ ਦਾ ਫ਼ੋਨ ਵੀ ਕਾਰ ’ਚ ਹੀ ਰਹਿ ਗਿਆ ਸੀ। ਪੀੜਤ ਨੇ ਦੱਸਿਆ ਕਿ ਕੁਝ ਕਿਲੋਮੀਟਰ ਬਾਅਦ ਲੁਟੇਰਿਆਂ ਨੇ ਉਸ ਦਾ ਫ਼ੋਨ ਸੜਕ ’ਤੇ ਸੁੱਟ ਦਿੱਤਾ ਤਾਂ ਜੋ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਨਾ ਲੱਗ ਸਕੇ। ਜਦੋਂ ਕਾਰ ਦੇ ਮਾਲਕ ਵਰਿੰਦਰ ਅੰਗੁਰਾਲ ਵਾਸੀ ਬਸਤੀ ਦਾਨਿਸ਼ਮੰਦਾਂ ਨੂੰ ਕਾਰ ਲੁੱਟੇ ਜਾਣ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਜੀ. ਪੀ. ਐੱਸ. ਰਾਹੀਂ ਕਾਰ ਦੀ ਲੋਕੇਸ਼ਨ ਦਾ ਪਤਾ ਲਾਇਆ। ਅੰਗੁਰਾਲ ਨੇ ਦੱਸਿਆ ਕਿ ਕਾਰ ’ਚ ਇਕ ਅੱਪਡੇਟ ਕੀਤਾ ਜੀ. ਪੀ. ਐੱਸ. ਸਿਸਟਮ ਲਾਇਆ ਗਿਆ ਸੀ, ਜੋ ਕਾਰ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਦੇ ਹੀ ਮੋਬਾਈਲ ਤੋਂ ਇੰਜਣ ਨੂੰ ਬੰਦ ਕਰ ਸਕਦਾ ਸੀ। ਜਦੋਂ ਢਿੱਲਵਾਂ ਟੋਲ ਪਲਾਜ਼ਾ ਨੇੜੇ ਕਾਰ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਗਈ ਤਾਂ ਉਸ ਨੇ ਜੀ. ਪੀ. ਐੱਸ. ਰਾਹੀਂ ਕਾਰ ਦਾ ਇੰਜਣ ਬੰਦ ਕਰ ਦਿੱਤਾ, ਜਿਸ ਕਾਰਨ ਕਾਰ ਉੱਥੇ ਰੁਕ ਗਈ। ਉਸਨੇ ਦੱਸਿਆ ਕਿ ਜੀ. ਪੀ. ਐੱਸ. ਲੁੱਟ ਤੋਂ ਬਾਅਦ ਉਹ ਗੱਡੀ ਦਾ ਪਿੱਛਾ ਕਰ ਰਹੇ ਸਨ ਤੇ ਜਿਵੇਂ ਹੀ ਗੱਡੀ ਦੀ ਸਪੀਡ 20 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਗਈ, ਉਨ੍ਹਾਂ ਨੇ ਗੱਡੀ ਨੂੰ ਰੋਕ ਲਿਆ। ਉਸਨੇ ਦੱਸਿਆ ਕਿ ਜਿਵੇਂ ਹੀ ਕਾਰ ਦਾ ਇੰਜਣ ਬੰਦ ਹੋਇਆ, ਉਹ 20 ਮਿੰਟਾਂ ਦੇ ਅੰਦਰ ਕਾਰ ਕੋਲ ਪਹੁੰਚ ਗਏ। ਘਟਨਾ ਤੋਂ ਠੀਕ ਢਾਈ ਘੰਟੇ ਬਾਅਦ ਰਾਤ 8:30 ਵਜੇ ਦੇ ਕਰੀਬ, ਉਨ੍ਹਾਂ ਨੂੰ ਆਪਣੀ ਗੱਡੀ ਸਹੀ-ਸਲਾਮਤ ਮਿਲ ਗਈ। ਇਸ ਘਟਨਾ ਦੀ ਸੂਚਨਾ ਤੁਰੰਤ ਮਕਸੂਦਾਂ ਪੁਲਸ ਸਟੇਸ਼ਨ ਨੂੰ ਦਿੱਤੀ ਗਈ ਅਤੇ ਏ. ਐੱਸ. ਆਈ. ਸਤਨਾਮ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਆਪਣੀ ਟੀਮ ਨਾਲ ਢਿੱਲਵਾਂ ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰੀ ’ਤੇ ਖੜ੍ਹੀ ਗੱਡੀ ਨੂੰ ਬਰਾਮਦ ਕਰ ਕੇ ਮਕਸੂਦਾਂ ਪੁਲਸ ਸਟੇਸ਼ਨ ਲਿਆਂਦਾ। ਉਨ੍ਹਾਂ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਲਿੱਧੜਾਂ ਪੁਲ ਦੇ ਹੇਠਾਂ ਲੁਟੇਰਿਆਂ ਵੱਲੋਂ ਛੱਡੇ ਗਏ ਖੋਲ ਵੀ ਬਰਾਮਦ ਕੀਤੇ। ਜਦੋਂ ਇਸ ਮਾਮਲੇ ਸਬੰਧੀ ਏ. ਐੱਸ. ਆਈ. ਸਤਨਾਮ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ।

