Shocking news amidst the Russia war: Over 1,000 Russian soldiers have committed suicide
ਰੂਸ-ਜੰਗ ਵਿਚਾਲੇ ਹੈਰਾਨ ਕਰਨ ਵਾਲੀ ਖ਼ਬਰ ; 1000 ਤੋਂ ਵੱਧ ਰੂਸੀ ਜਵਾਨਾਂ ਨੇ ਕੀਤੀ ਖ਼ੁਦਕੁਸ਼ੀ
Russia, (ਆਵਾਜ਼ਿ ਕੌਮ ਬਿਊਰੋ)-ਰੂਸ-ਯੂਕ੍ਰੇਨ ਦੀ ਜੰਗ 5 ਸਾਲਾਂ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਲੱਖਾਂ ਲੋਕਾਂ ਦੀ ਮੌਤ ਤੋਂ ਬਾਅਦ ਵੀ ਦੋਵਾਂ ਪਾਸਿਓਂ ਹਮਲੇ ਲਗਾਤਾਰ ਜਾਰੀ ਹਨ। ਇਸੇ ਦੌਰਾਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਰੂਸ ਦੇ ਸਰਕਾਰੀ ਅੰਕੜਾ ਵਿਭਾਗ ਰੋਸਸਟੈਟ (Rosstat) ਦੇ ਕੁਝ ਦਸਤਾਵੇਜ਼ ਲੀਕ ਹੋਏ ਹਨ, ਜਿਨ੍ਹਾਂ ‘ਚ ਸਾਹਮਣੇ ਆਇਆ ਹੈ ਕਿ ਯੂਕ੍ਰੇਨ ਜੰਗ ਦੌਰਾਨ 1,000 ਤੋਂ ਵੱਧ ਰੂਸੀ ਫ਼ੌਜੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਇਹ ਅੰਕੜੇ ਬੇਲਾਰੂਸੀ ਵਿਰੋਧੀ ਧਿਰ ਨਾਲ ਜੁੜੇ ਹੈਕਰ ਗਰੁੱਪ ‘ਸਾਈਬਰ ਪਾਰਟੀਜ਼ਨਜ਼’ ਅਤੇ ਯੂਕ੍ਰੇਨੀ ਹੈਕਰ ਸਮੂਹ ‘ਸਾਈਲੈਂਟ ਕ੍ਰੋ’ ਵੱਲੋਂ ਹਾਸਲ ਕੀਤੇ ਗਏ 1.1 ਕਰੋੜ ਤੋਂ ਵੱਧ ਮੌਤ ਸਰਟੀਫ਼ਿਕੇਟਾਂ ਦੇ ਡਾਟੇ ‘ਚੋਂ ਸਾਹਮਣੇ ਆਏ ਹਨ। ਰਿਪਰੋਟਾਂ ਮੁਤਾਬਕ ਫ਼ੌਜੀਆਂ ਦੀਆਂ ਦਰਜ 1,087 ਖ਼ੁਦਕੁਸ਼ੀਆਂ ਵਿੱਚੋਂ ਘੱਟੋ-ਘੱਟ 614 ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਜਾਂ ਸਰਹੱਦੀ ਰੂਸੀ ਖੇਤਰਾਂ ‘ਚ ਵਾਪਰੀਆਂ, ਜਦਕਿ 113 ਰਿਕਾਰਡਾਂ ਵਿੱਚ ਮੌਤ ਦੀ ਥਾਂ ਦਰਜ ਨਹੀਂ ਸੀ। ਇਸ ਤੋਂ ਇਲਾਵਾ 885 ਮੌਤਾਂ ਅਜਿਹੀਆਂ ਦਰਜ ਹਨ ਜੋ ਅਨਿਸ਼ਚਿਤ ਇਰਾਦੇ ਨਾਲ ਹੋਈਆਂ ਗੋਲੀਬਾਰੀ ਦੇ ਜ਼ਖ਼ਮਾਂ ਕਾਰਨ ਦੱਸੀਆਂ ਗਈਆਂ, ਜਿਨ੍ਹਾਂ ‘ਚ ਹੋਰ ਖ਼ੁਦਕੁਸ਼ੀਆਂ ਛੁਪੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰੱਖਿਆ ਮਾਹਿਰਾਂ ਅਤੇ ਫ਼ੌਜ ਤੋਂ ਭੱਜਣ ਵਾਲੇ ਜਵਾਨਾਂ ਦੀ ਮਦਦ ਕਰਨ ਵਾਲਿਆਂ ਅਨੁਸਾਰ, ਫ਼ੌਜੀਆਂ ਨੂੰ ਅੱਗੇ ਵਧਣ ਲਈ ਮਜਬੂਰ ਕਰਨ, ਸਖ਼ਤੀ ਅਤੇ ਬਦਸਲੂਕੀ ਵਰਗੇ ਹਾਲਾਤ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਬਣ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਕਈ ਮੌਤਾਂ ਨੂੰ ਰਿਪੋਰਟਾਂ ‘ਚ ਵੱਖਰੇ ਢੰਗ ਨਾਲ ਦਰਜ ਕੀਤਾ ਜਾਂਦਾ ਹੈ ਅਤੇ ਰੋਸਸਟੈਟ ਦੇ ਰਿਕਾਰਡਾਂ ‘ਚ ਕਈ ਮਾਮਲੇ ਗਾਇਬ ਹਨ। ਹਾਲਾਂਕਿ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਲੀਕ ਹੋਏ ਰੋਸਸਟੈਟ ਡਾਟੇ ਦੇ ਆਧਾਰ ‘ਤੇ ਆਈਆਂ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੰਗੀ ਨੁਕਸਾਨ ਬਾਰੇ ਅਧਿਕਾਰਤ ਜਾਣਕਾਰੀ ਸਿਰਫ਼ ਰੂਸੀ ਰੱਖਿਆ ਮੰਤਰਾਲਾ ਹੀ ਦੇ ਸਕਦਾ ਹੈ।

