Number of Northern England companies keen to export to India increases tenfold: Survey
ਭਾਰਤ ਨੂੰ ਬਰਾਮਦ ਕਰਨ ਦੀਆਂ ਇੱਛੁਕ ਉੱਤਰੀ ਇੰਗਲੈਂਡ ਦੀਆਂ ਕੰਪਨੀਆਂ ਦੀ ਗਿਣਤੀ 10 ਗੁਣਾ ਵਧੀ : ਸਰਵੇਖਣ
ਲੰਡਨ, (ਆਵਾਜ਼ਿ ਕੌਮ ਬਿਊਰੋ)-ਭਾਰਤ ਅਤੇ ਬ੍ਰਿਟੇਨ ਵਿਚਾਲੇ ਵਧਦੇ ਵਪਾਰਕ ਸਬੰਧਾਂ ਦਾ ਸਾਕਾਰਾਤਮਕ ਅਸਰ ਹੁਣ ਉੱਤਰੀ ਇੰਗਲੈਂਡ ਦੀਆਂ ਕੰਪਨੀਆਂ ’ਤੇ ਦਿਖਾਈ ਦੇਣ ਲੱਗਾ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ’ਚ ਪਹਿਲੀ ਵਾਰ ਕਾਰੋਬਾਰ ਸ਼ੁਰੂ ਕਰਨ ਦੀਆਂ ਇੱਛੁਕ ਉੱਤਰੀ ਇੰਗਲੈਂਡ ਦੀਆਂ ਕੰਪਨੀਆਂ ਦੀ ਗਿਣਤੀ ’ਚ ਪਿਛਲੇ 3 ਮਹੀਨਿਆਂ ਦੌਰਾਨ 10 ਗੁਣਾ ਵਾਧਾ ਹੋਇਆ ਹੈ। ਇਹ ਵਾਧਾ ਬ੍ਰਿਟੇਨ ਦੇ ਉੱਚ-ਪੱਧਰੀ ਵਪਾਰਕ ਵਫਦ ਦੇ ਭਾਰਤ ਦੌਰੇ ਮਗਰੋਂ ਦਰਜ ਕੀਤਾ ਗਿਆ ਹੈ। ਮੈਨਚੈਸਟਰ ਏਅਰਪੋਰਟ ਗਰੁੱਪ (ਐੱਮ. ਏ. ਜੀ.) ਅਤੇ ਨਾਰਦਰਨ ਪਾਵਰਹਾਊਸ ਪਾਰਟਨਰਸ਼ਿਪ ਵੱਲੋਂ ਜਾਰੀ ‘ਯੂ. ਕੇ. ਟਰੇਡ ਬੈਰੋਮੀਟਰ’ ਸਰਵੇਖਣ ਮੁਤਾਬਕ, ਉੱਤਰੀ ਇੰਗਲੈਂਡ ਦੀਆਂ 10 ਫੀਸਦੀ ਬਰਾਮਦਕਾਰ ਕੰਪਨੀਆਂ ਨੂੰ ਉਮੀਦ ਹੈ ਕਿ ਉਹ 2026 ਦੀ ਚੌਥੀ ਤਿਮਾਹੀ ’ਚ ਪਹਿਲੀ ਵਾਰ ਭਾਰਤ ਨੂੰ ਆਪਣੇ ਉਤਪਾਦ ਬਰਾਮਦ ਕਰਨਗੀਆਂ। ਪਿਛਲੀ ਤਿਮਾਹੀ ’ਚ ਇਹ ਅੰਕੜਾ ਇਕ ਫੀਸਦੀ ਤੋਂ ਵੀ ਘੱਟ ਸੀ। ਇਸ ਸਰਵੇਖਣ ’ਚ ਹਰ ਤਿਮਾਹੀ 2,000 ਕੰਪਨੀਆਂ ਤੋਂ ਉਨ੍ਹਾਂ ਦੇ ਪਿਛਲੇ 3 ਮਹੀਨਿਆਂ ਦੇ ਕਾਰੋਬਾਰ ਅਤੇ ਆਗਾਮੀ ਤਿਮਾਹੀ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਲਈ ਜਾਂਦੀ ਹੈ।

