Saudi Arabia launches major attack on Houthi rebels in Yemen; bombs several locations, including the capital, Sana’a
ਸਾਊਦੀ ਅਰਬ ਦਾ ਯਮਨ ‘ਚ ਹੂਤੀ ਬਾਗੀਆਂ ‘ਤੇ ਵੱਡਾ ਹਮਲਾ, ਰਾਜਧਾਨੀ ਸਨਾ ਸਣੇ ਕਈ ਟਿਕਾਣਿਆਂ ‘ਤੇ ਕੀਤੀ ਬੰਬਾਰੀ
ਦੁਬਈ (ਆਵਾਜ਼ਿ ਕੌਮ ਬਿਊਰੋ)- ਯਮਨ ਵਿੱਚ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਸਮਰਥਨ ਵਾਲੀਆਂ ਸਰਕਾਰੀ ਫੌਜਾਂ ਵਿਚਕਾਰ ਜੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਸਾਊਦੀ ਅਰਬ ਦੇ ਫਾਈਟਰ ਜੈੱਟਾਂ ਨੇ ਯਮਨ ਦੇ ਪੱਛਮੀ ਅਤੇ ਦੱਖਣ-ਪੱਛਮੀ ਇਲਾਕਿਆਂ ਵਿੱਚ ਹੂਤੀ ਬਾਗੀਆਂ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ ਕੀਤੀ। ਇਸ ਕਾਰਵਾਈ ਦੌਰਾਨ ਯਮਨ ਦੀ ਰਾਜਧਾਨੀ ਸਨਾ (Sanaa) ਸਮੇਤ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹੂਤੀ ਸੰਗਠਨ ਦੇ ਬੁਲਾਰੇ ਅਸਬਾਹੀ ਨੇ ਦਾਅਵਾ ਕੀਤਾ ਹੈ ਕਿ ਤਾਇਜ਼ (Taiz) ਪ੍ਰਾਂਤ ਵਿੱਚ ਹੋਏ ਹਵਾਈ ਹਮਲਿਆਂ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਰਾਜਧਾਨੀ ਸਨਾ ਦੇ ਬਾਗੀਆਂ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਰਾਤ ਦੌਰਾਨ ਹੋਏ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਦੀ ਪੁਸ਼ਟੀ ਕੀਤੀ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਨਿਰੰਤਰ ਧਮਾਕਿਆਂ ਦਾ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਦੂਜੇ ਪਾਸੇ, ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਜਜ਼ਾਨ (Jazan) ਤੇਲ ਰਿਫਾਇਨਰੀ ‘ਤੇ ਹੋਏ ਹਮਲੇ ਵਿੱਚ ਨੇਪਾਲ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨਾਲ ਤਣਾਅ ਵਧਣ ਤੋਂ ਬਾਅਦ ਹੂਤੀ ਬਾਗੀ ਲਗਾਤਾਰ ਤੇਲ ਵਾਲੀਆਂ ਥਾਵਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈ ਰਹੇ ਹਨ।

