Dictator Kim deals a major blow to Putin! Halts supply of missiles and weapons
ਤਾਨਾਸ਼ਾਹ ਕਿਮ ਨੇ ਪੁਤਿਨ ਨੂੰ ਦਿੱਤਾ ਵੱਡਾ ਝਟਕਾ ! ਰੋਕ’ਤੀ ਮਿਜ਼ਾਈਲਾਂ ਅਤੇ ਹਥਿਆਰਾਂ ਦੀ ਸਪਲਾਈ
Russia, (ਆਵਾਜ਼ਿ ਕੌਮ ਬਿਊਰੋ)-ਰੂਸ-ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂਕ੍ਰੇਨ ਦੀ ਮਿਲਟਰੀ ਇੰਟੈਲੀਜੈਂਸ ਏਜੰਸੀ (GUR) ਦੀ ਜਾਣਕਾਰੀ ਅਨੁਸਾਰ ਉੱਤਰੀ ਕੋਰੀਆ ਨੇ ਰੂਸ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਅਤੇ ‘ਕੇ.ਐੱਨ.-23’ (KN-23) ਬੈਲਿਸਟਿਕ ਮਿਜ਼ਾਈਲਾਂ ਦੀ ਸਪਲਾਈ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਰੂਸ ਅਤੇ ਉੱਤਰੀ ਕੋਰੀਆ ਵਿਚਾਲੇ ਇਹ ਤਣਾਅ ਦੱਖਣੀ ਕੋਰੀਆ ਪ੍ਰਤੀ ਰੂਸ ਦੇ ਬਦਲਦੇ ਕੂਟਨੀਤਕ ਰੁੱਖ ਕਾਰਨ ਪੈਦਾ ਹੋਇਆ ਹੈ। ਯੂਕ੍ਰੇਨੀ ਇੰਟੈਲੀਜੈਂਸ ਅਨੁਸਾਰ ਰੂਸ ਦੇ ਉਪ ਵਿਦੇਸ਼ ਮੰਤਰੀ ਐਂਡਰੀ ਰੂਦੇਨਕੋ ਨੇ ਬਿਆਨ ਦਿੱਤਾ ਸੀ ਕਿ ਕ੍ਰੈਮਲਿਨ (ਰੂਸ), ਸਿਓਲ (ਦੱਖਣੀ ਕੋਰੀਆ) ਅਤੇ ਪਿਓਂਗਯਾਂਗ (ਉੱਤਰੀ ਕੋਰੀਆ) ਵਿਚਾਲੇ ਤਣਾਅ ਘੱਟ ਕਰਨ ਵਿੱਚ ਮਦਦ ਕਰੇਗਾ। ਇਸ ਬਿਆਨ ‘ਤੇ ਉੱਤਰੀ ਕੋਰੀਆ ਦੀ ਵਿਦੇਸ਼ ਮੰਤਰੀ ਚੋਈ ਸਨ-ਹੁਈ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਸਪੱਸ਼ਟ ਕੀਤਾ ਕਿ ਰੂਸੀ ਅਧਿਕਾਰੀ ਦੀ ਇਹ ਟਿੱਪਣੀ ਮਾਸਕੋ ਅਤੇ ਪਿਓਂਗਯਾਂਗ ਦੇ ਗੱਠਜੋੜ ਦੇ ਅਨੁਕੂਲ ਨਹੀਂ ਹੈ ਅਤੇ ਰੂਸ ਤੋਂ ਦੱਖਣੀ ਕੋਰੀਆ ਪ੍ਰਤੀ ਆਪਣੀ ਨੀਤੀ ‘ਤੇ ਤੁਰੰਤ ਸਪੱਸ਼ਟੀਕਰਨ ਮੰਗਿਆ। ਯੂਕ੍ਰੇਨੀ ਇੰਟੈਲੀਜੈਂਸ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਨੇ ਖ਼ੁਦ ਰੂਸ ਨੂੰ ਫੌਜੀ ਸਹਾਇਤਾ ਰੋਕਣ ਦਾ ਹੁਕਮ ਦਿੱਤਾ ਹੈ। ਇਸ ਰੋਕ ਤਹਿਤ ਉੱਤਰੀ ਕੋਰੀਆਈ ਖੇਤਰ ਤੋਂ ਰੂਸੀ ਫੌਜੀ ਉਡਾਣਾਂ, ਤੋਪਖਾਨੇ ਦੇ ਗੋਲਾ-ਬਾਰੂਦ ਅਤੇ ਕੇ.ਐੱਨ.-23 ਬੈਲਿਸਟਿਕ ਮਿਜ਼ਾਈਲਾਂ ਦੀਆਂ ਖੇਪਾਂ ਦੀ ਸਪਲਾਈ ਠੱਪ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ 2023 ਤੋਂ ਰੂਸ ਨੂੰ ਹਥਿਆਰ ਅਤੇ 2024 ਤੋਂ ਫੌਜੀ ਟੁਕੜੀਆਂ ਭੇਜ ਕੇ ਮਾਸਕੋ ਦੇ ਜੰਗੀ ਅਭਿਆਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਅੰਕੜਿਆਂ ਅਨੁਸਾਰ ਉੱਤਰੀ ਕੋਰੀਆ ਨੇ ਰੂਸ ਦੇ ਕੁਰਸਕ ਖੇਤਰ ਵਿੱਚ ਲੜਨ ਲਈ ਲਗਭਗ 14,000 ਸੈਨਿਕ ਭੇਜੇ ਸਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 6,000 ਉੱਤਰੀ ਕੋਰੀਆਈ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਨੇ ਪਿਓਂਗਯਾਂਗ ਤੋਂ ਆਪਣੀ ਫੌਜੀ ਮੌਜੂਦਗੀ 8,500 ਤੋਂ ਵਧਾ ਕੇ 50,000 ਕਰਨ ਦੀ ਮੰਗ ਕੀਤੀ ਸੀ, ਪਰ ਉੱਤਰੀ ਕੋਰੀਆ ਨੇ ਇਸ ਮੰਗ ਨੂੰ ਫਿਲਹਾਲ ਰੋਕ ਕੇ ਰੱਖਿਆ ਹੈ। ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਉੱਤਰੀ ਕੋਰੀਆ ਲਈ ਰੂਸ ਨੂੰ ਫੌਜੀ ਮਦਦ ਦੇਣਾ ਵਿਦੇਸ਼ੀ ਕਰੰਸੀ ਕਮਾਉਣ ਦਾ ਇੱਕ ਵੱਡਾ ਜ਼ਰੀਆ ਰਿਹਾ ਹੈ। ਸਾਲ 2024 ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਕਿਮ ਜੋਂਗ ਉਨ ਵਿਚਾਲੇ ਇੱਕ ਵਿਆਪਕ ਰਣਨੀਤਕ ਭਾਈਵਾਲੀ ‘ਤੇ ਦਸਤਖਤ ਹੋਏ ਸਨ, ਜਿਸ ਵਿੱਚ ਆਪਸੀ ਰੱਖਿਆ ਦੀ ਸ਼ਰਤ ਵੀ ਸ਼ਾਮਲ ਸੀ। ਭਾਵੇਂ ਕਿ ਪਿਓਂਗਯਾਂਗ ਦੀ 11ਵੀਂ ਕੋਰ ਦੇ ਸੈਨਿਕ ਅਜੇ ਵੀ ਕੁਰਸਕ ਵਿੱਚ ਤੈਨਾਤ ਹਨ ਅਤੇ ਵੋਰੋਨੇਜ਼ ਖੇਤਰ ਵਿੱਚ ਵੀ ਮਿਜ਼ਾਈਲ ਯੂਨਿਟ ਮੌਜੂਦ ਹਨ, ਪਰ ਦੂਜੇ ਪਾਸੇ ਰੂਸ ਵੱਲੋਂ ਦੱਖਣੀ ਕੋਰੀਆ ਨਾਲ ਸਬੰਧ ਆਮ ਬਣਾਉਣ ਦੀਆਂ ਗੱਲਾਂ ਕਾਰਨ ਦੋਵਾਂ ਦੇਸ਼ਾਂ ਦੇ ਗੱਠਜੋੜ ਵਿੱਚ ਦਰਾਰ ਆਉਂਦੀ ਦਿਖਾਈ ਦੇ ਰਹੀ ਹੈ।

