29,000 deaths in Canada while waiting for medical treatment! Major revelation in a think-tank report
ਕੈਨੇਡਾ ‘ਚ ਇਲਾਜ ਦੀ ਉਡੀਕ ਦੌਰਾਨ 29,000 ਮੌਤਾਂ ! ਥਿੰਕ-ਟੈਂਕ ਦੀ ਰਿਪੋਰਟ ‘ਚ ਵੱਡਾ ਖੁਲਾਸਾ
Ontario, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੀ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਇਲਾਜ, ਸਰਜਰੀ ਜਾਂ ਸਕੈਨ ਲਈ ਲੰਬੀ ਉਡੀਕ ਦੌਰਾਨ ਹਜ਼ਾਰਾਂ ਮਰੀਜ਼ਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲਗਰੀ ਸਥਿਤ ਥਿੰਕ-ਟੈਂਕ ‘SecondStreet.org’ ਦੀ ਸਾਲਾਨਾ ‘ਡਾਈਂਗ ਆਨ ਏ ਵੇਟਲਿਸਟ’ (Dying on a Waitlist) ਰਿਪੋਰਟ ਅਨੁਸਾਰ ਸਾਲ 2025-26 ਦੌਰਾਨ ਲਗਭਗ 29,000 ਕੈਨੇਡੀਅਨਾਂ ਦੀ ਮੌਤ ਮੈਡੀਕਲ ਵੇਟਲਿਸਟ ‘ਚ ਰਹਿੰਦਿਆਂ ਹੋਈ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਸਰਜਰੀ ਦੀ ਉਡੀਕ ਸੂਚੀ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ 17.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੈਕੰਡ ਸਟ੍ਰੀਟ ਦੇ ਪ੍ਰਧਾਨ ਕੌਲਿਨ ਕ੍ਰੇਗ ਅਨੁਸਾਰ ਦੇਸ਼ ਵਿੱਚ ਸਿਹਤ ਖੇਤਰ ‘ਤੇ ਭਾਰੀ ਬਜਟ ਖ਼ਰਚਣ ਦੇ ਬਾਵਜੂਦ ਲੋੜੀਂਦੇ ਨਤੀਜੇ ਨਹੀਂ ਮਿਲ ਰਹੇ। ਉਨ੍ਹਾਂ ਦੱਸਿਆ ਕਿ ਅਸਲ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ ਕਿਉਂਕਿ ਹਰੇਕ ਪ੍ਰਾਂਤ ਇਨ੍ਹਾਂ ਅੰਕੜਿਆਂ ਨੂੰ ਜਨਤਕ ਤੌਰ ‘ਤੇ ਸਾਂਝਾ ਨਹੀਂ ਕਰਦਾ। ਮੈਨੀਟੋਬਾ ‘ਚ ਸਰਜਰੀ ਦੀ ਉਡੀਕ ਦੌਰਾਨ ਹੋਣ ਵਾਲੀਆਂ ਮੌਤਾਂ ਲਗਭਗ ਦੁਗਣੀਆਂ ਹੋ ਗਈਆਂ, ਜੋ 163 ਤੋਂ ਵਧ ਕੇ 316 ਹੋ ਗਈਆਂ।ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ (BC) ਵਿੱਚ ਇਹ ਅੰਕੜਾ 4,620 ਤੋਂ ਘਟ ਕੇ 4,365 ਅਤੇ ਸਸਕੈਚਵਨ ਵਿੱਚ 333 ਤੋਂ ਘਟ ਕੇ 317 ਰਹਿ ਗਿਆ। ਓਨਟਾਰੀਓ ਵਿੱਚ ਵੀ ਵੇਟਲਿਸਟ ਮੌਤਾਂ ਵਿੱਚ ਕਮੀ ਆਈ ਹੈ। ਦੂਜੇ ਪਾਸੇ ਕਈ ਸਿਹਤ ਮਾਹਰਾਂ ਅਤੇ ਸੰਸਥਾਵਾਂ ਨੇ ਇਸ ਰਿਪੋਰਟ ਦੇ ਅੰਕੜਿਆਂ ‘ਤੇ ਗੰਭੀਰ ਸਵਾਲ ਚੁੱਕੇ ਹਨ। ‘ਓਨਟਾਰੀਓ ਹੈਲਥ ਕੋਲੀਸ਼ਨ’ ਦੀ ਐਗਜ਼ੈਕਟਿਵ ਡਾਇਰੈਕਟਰ ਨੈਟਲੀ ਮੇਹਰਾ ਨੇ ਇਸ ਰਿਪੋਰਟ ਨੂੰ “ਲਾਪਰਵਾਹ, ਝੂਠੀ ਅਤੇ ਗੁਮਰਾਹਕੁੰਨ” ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਅੰਕੜੇ ਵਿੱਚ ਇਲਾਜ ਦੀ ਉਡੀਕ ਕਰ ਰਹੇ ਹਰ ਉਸ ਵਿਅਕਤੀ ਦੀ ਮੌਤ ਸ਼ਾਮਲ ਕੀਤੀ ਗਈ ਹੈ, ਚਾਹੇ ਉਸ ਦੀ ਮੌਤ ਦਾ ਕਾਰਨ ਬੀਮਾਰੀ ਦੀ ਥਾਂ ਕੋਈ ਸੜਕ ਹਾਦਸਾ ਹੀ ਕਿਉਂ ਨਾ ਹੋਵੇ। ਉਦਾਹਰਨ ਵਜੋਂ ਜੇਕਰ ਕਿਸੇ ਮਰੀਜ਼ ਦਾ MRI ਹੋਣਾ ਤੈਅ ਹੈ, ਪਰ ਜਾਂਚ ਤੋਂ ਪਹਿਲਾਂ ਹੀ ਉਸ ਦੀ ਕਿਸੇ ਕਾਰ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ, ਤਾਂ ਵੀ ਉਸ ਨੂੰ ਸੂਚੀ ਵਿੱਚ ਸ਼ਾਮਲ ਰੱਖਿਆ ਜਾਂਦਾ ਹੈ—ਹਾਲਾਂਕਿ ਅਜਿਹੇ ਮਾਮਲੇ ਵਿੱਚ ਦੇਰੀ ਨਾਲ ਹੋਣ ਵਾਲੀ ਜਾਂਚ ਪ੍ਰਕਿਰਿਆ ਅਤੇ ਮੌਤ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਹੁੰਦਾ। ਸੈਕੰਡ ਸਟ੍ਰੀਟ ਸੰਸਥਾ ਨੇ ਹਸਪਤਾਲਾਂ ਦੇ ਫੰਡਿੰਗ ਮਾਡਲ ਬਦਲਣ ਅਤੇ ਨਿੱਜੀ ਕਲੀਨਿਕਾਂ ਦੇ ਵਿਸਥਾਰ ਦੀ ਤਜਵੀਜ਼ ਰੱਖੀ ਹੈ। ਹਾਲਾਂਕਿ, ‘ਕੈਨੇਡੀਅਨ ਸੈਂਟਰ ਫ਼ਾਰ ਪਾਲਿਸੀ ਆਲਟਰਨੇਟਿਵਜ਼’ (CCPA) ਦੇ ਸੀਨੀਅਰ ਖੋਜੀ ਐਂਡਰਿਊ ਲੌਂਗਹਰਸਟ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ, ਓਨਟਾਰੀਓ ਵਿੱਚ 57 ਨਵੇਂ ਨਿੱਜੀ ਕੇਂਦਰਾਂ ‘ਤੇ 15.5 ਕਰੋੜ ਡਾਲਰ ਖ਼ਰਚਣ ਦੇ ਬਾਵਜੂਦ ਜ਼ਿਆਦਾਤਰ ਇਲਾਜਾਂ ਲਈ ਉਡੀਕ ਸਮਾਂ ਘੱਟ ਨਹੀਂ ਹੋਇਆ। ‘ਕੈਨੇਡੀਅਨ ਇੰਸਟੀਚਿਊਟ ਫ਼ਾਰ ਹੈਲਥ ਇਨਫ਼ਾਰਮੇਸ਼ਨ’ ਅਨੁਸਾਰ 2017 ਤੋਂ 2025 ਦਰਮਿਆਨ 12 ਵਿੱਚੋਂ 8 ਪ੍ਰਮੁੱਖ ਇਲਾਜਾਂ ਲਈ ਉਡੀਕ ਸਮਾਂ ਵਧਿਆ ਹੈ। ਇਲਾਜ ਵਿੱਚ ਦੇਰੀ ਦੀ ਮਾਰ ਝੱਲ ਰਹੀ ਵੈਨਕੂਵਰ ਆਈਲੈਂਡ ਦੀ ਰਹਿਣ ਵਾਲੀ ਕ੍ਰਿਸਟਿਨ ਲੋਗਨ ਨੇ ਦੱਸਿਆ ਕਿ ਦਸੰਬਰ 2022 ਵਿੱਚ ਲੱਛਣ ਸਾਹਮਣੇ ਆਉਣ ਤੋਂ ਬਾਅਦ ਟੈਸਟਾਂ ਦੀ ਰਿਪੋਰਟ ਆਉਣ ਵਿੱਚ ਮਹੀਨੇ ਲੱਗ ਗਏ। ਸਤੰਬਰ 2023 ਵਿੱਚ ਉਸ ਨੂੰ ਸਟੇਜ 4 ਓਵਰੀਅਨ ਕੈਂਸਰ ਦਾ ਪਤਾ ਲੱਗਾ, ਪਰ ਇਲਾਜ ਦੀ ਤਾਰੀਖ਼ ਨਾ ਮਿਲਣ ਕਾਰਨ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ। ਕੈਨੇਡੀਅਨ-ਅਮਰੀਕੀ ਨਾਗਰਿਕ ਹੋਣ ਕਾਰਨ ਉਸ ਨੂੰ ਇਲਾਜ ਲਈ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਜਾਣਾ ਪਿਆ। 9 ਮਹੀਨਿਆਂ ਬਾਅਦ ਕੈਂਸਰ ਦੁਬਾਰਾ ਵਾਪਸ ਆਉਣ ਅਤੇ ਕੈਨੇਡਾ ਵਿੱਚ ਮੁੜ ਦੇਰੀ ਹੋਣ ਕਾਰਨ ਉਸ ਦੇ ਪਰਿਵਾਰ ਨੂੰ ਪੱਕੇ ਤੌਰ ‘ਤੇ ਟੈਕਸਾਸ (ਅਮਰੀਕਾ) ਸ਼ਿਫ਼ਟ ਹੋਣਾ ਪਿਆ।

