Images of shooters involved in the Rohtak gang war go viral; this is how they entered the hotel carrying weapons
ਰੋਹਤਕ ਗੈਂਗਵਾਰ ਦੇ ਸ਼ੂਟਰਾਂ ਦੀਆਂ ਤਸਵੀਰਾਂ ਵਾਈਰਲ, ਹਥਿਆਰਾਂ ਨਾਲ ਹੋਟਲ ‘ਚ ਇੰਝ ਕੀਤੀ ਸੀ ਐਂਟਰੀ
ਰੋਹਤਕ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਰੋਹਤਕ ਵਿਚ ਬੁੱਧਵਾਰ ਦੇਰ ਰਾਤ ਹੋਟਲ ਮਿਲਾਨ ਵਿਚ ਖਾਣਾ ਖਾਂਦੇ ਸਮੇਂ 4 ਨੌਜਵਾਨਾਂ ਦਾ ਤਾੜ-ਤਾੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਕਤਲ ਦੀ ਇਹ ਵਾਰਦਾਤ ਪੁਲਸ ਸਟੇਸ਼ਨ ਤੋਂ ਸਿਰਫ਼ 50 ਕਦਮ ਦੀ ਦੂਰੀ ‘ਤੇ ਵਾਪਰੀ ਸੀ। ਇਸ ਮਾਮਲੇ ਵਿਚ ਹੁਣ ਪੁਲਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਤਸਵੀਰਾਂ ਵਿਚ ਦੋਸ਼ੀ ਆਪਣੇ ਹਥਾਂ ਵਿਚ ਹਥਿਆਰ ਲੈ ਕੇ ਹੋਟਲ ਵਿਚ ਐਂਟਰੀ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿਚੋਂ 2 ਮੁਲਜ਼ਮ ਬਿਨਾਂ ਮਾਸਕ ਤੋਂ ਦਿਖਾਈ ਦਿੱਤੇ। ਮੁੱਢਲੀ ਜਾਣਕਾਰੀ ਅਨੁਸਾਰ, ਪੰਜ ਹਥਿਆਰਬੰਦ ਅਪਰਾਧੀ ਇੱਕ ਕਾਰ ਵਿੱਚ ਹੋਟਲ ਵਿੱਚ ਪਹੁੰਚੇ ਸਨ, ਜਿਨ੍ਹਾਂ ਨੇ ਆਉਂਦੇ ਸਾਰ ਗੋਲੀਆਂ ਚਲਾ ਦਿੱਤੀਆਂ। ਕਤਲ ਦੀ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਰਾਊਂਡ ਫਾਇਰ ਕੀਤੇ। ਮ੍ਰਿਤਕਾਂ ਦੀ ਪਛਾਣ ਰਿੰਕੂ (28), ਵਿਨੀਤ (22), ਯਸ਼ ਉਰਫ਼ ਗੰਜੂ (22), ਵਾਸੀ ਝੱਜਰ ਜ਼ਿਲ੍ਹੇ ਦੇ ਦਿਘਾਲ ਪਿੰਡ ਅਤੇ ਹਿਮਾਂਸ਼ੂ (26) ਵਾਸੀ ਬੇਰੀ ਵਜੋਂ ਹੋਈ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਲਗਭਗ 12:30 ਵਜੇ ਵਾਪਰੀ। ਕੁਝ ਨੌਜਵਾਨ ਮਿਲਾਨ ਢਾਬੇ ‘ਤੇ ਖਾਣਾ ਖਾ ਰਹੇ ਸਨ। ਇਸ ਦੌਰਾਨ ਪੰਜ ਹਥਿਆਰਬੰਦ ਅਪਰਾਧੀ ਇੱਕ ਸਵਿਫਟ ਕਾਰ ਵਿੱਚ ਆਏ। ਬਦਮਾਸ਼ਾਂ ਨੇ ਕੋਈ ਮੌਕਾ ਦਿੱਤੇ ਬਿਨਾਂ ਨੌਜਵਾਨਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਅਚਾਨਕ ਉਕਤ ਸਥਾਨ ‘ਤੇ ਦਹਿਸ਼ਤ ਫੈਲ ਗਈ। ਆਪਣੀ ਜਾਨ ਬਚਾਉਣ ਲਈ ਉੱਥੇ ਮੌਜੂਦ ਲੋਕ ਮੇਜਾਂ ਅਤੇ ਕੁਰਸੀਆਂ ਦੇ ਹੇਠਾਂ ਲੁਕ ਗਏ। ਦੱਸਿਆ ਜਾ ਰਿਹਾ ਹੈ ਕਿ ਅਪਰਾਧੀ ਸੰਨੀ ਰਿਟੋਲੀਆ ਦੀ ਭਾਲ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਹਿਮਾਂਸ਼ੂ ਨੂੰ ਸੰਨੀ ਸਮਝ ਲਿਆ। ਉਹ ਭੱਜਣ ਤੋਂ ਪਹਿਲਾਂ ਹਥਿਆਰ ਲਹਿਰਾਉਂਦੇ ਹੋਏ ਕਈ ਮਿੰਟਾਂ ਤੱਕ ਘਟਨਾ ਸਥਾਨ ‘ਤੇ ਘੁੰਮਦੇ ਰਹੇ।

