Now there are packages for funeral rites too; this company has launched a unique service
ਹੁਣ ਅੰਤਿਮ ਸੰਸਕਾਰ ਲਈ ਵੀ ਪੈਕੇਜ, ਇਸ ਕੰਪਨੀ ਨੇ ਸ਼ੁਰੂ ਕੀਤੀ ਅਨੋਖੀ ਸਰਵਿਸ
New Delhi, (ਆਵਾਜ਼ਿ ਕੌਮ ਬਿਊਰੋ)-ਵਿਆਹ ਕਰਨਾ ਹੋਵੇ, ਘਰ ਖਰੀਦਣਾ ਹੋਵੇ ਜਾਂ ਫਿਰ ਛੁੱਟੀਆਂ ‘ਤੇ ਜਾਣਾ ਹੋਵੇ, ਲੋਕ ਇਸ ਤਰ੍ਹਾਂ ਦੇ ਕੰਮਾਂ ਲਈ ਪਹਿਲਾਂ ਤੋਂ ਯੋਜਨਾ ਬਣਾਉਂਦੇ ਹਨ। ਪਰ ਕੀ ਤੁਸੀਂ ਕਦੇ ਲੋਕਾਂ ਨੂੰ ਜਿਊਂਦੇ ਜੀ ਅੰਤਿਮ ਸੰਸਕਾਰ ਦੀ ਬੁਕਿੰਗ ਕਰਵਾਉਂਦੇ ਸੁਣਿਆ ਹੈ। ਜੀ ਹਾਂ ਭਾਰਤ ਦੇ ਕੁਝ ਲੋਕ ਜਿਊਂਦੇ ਜੀ ਆਪਣੇ ਅੰਤਿਮ ਸੰਸਕਾਰ ਦੀ ਬੁਕਿੰਗ ਕਰਵਾ ਰਹੇ ਹਨ। ਇਸ ਲਈ ਦਿੱਲੀ ਦੀ ਇਕ ਸਟਾਰਟਅੱਪ ਨੇ ਖ਼ਾਸ ਸਰਵਿਸ ਸ਼ੁਰੂ ਕੀਤੀ ਹੈ। ਮੋਕਸ਼ ਵੌਏਸ, ਨਮੋ ਗੰਗੇ ਵੈਲਨੈੱਸ ਪ੍ਰਾਈਵੇਟ ਲਿਮਟਿਡ ਦਾ ਚਲਾਇਆ ਜਾਣ ਵਾਲਾ ਇਕ ਇੰਡੀਅਨ ਸਟਾਰਟਅੱਪ ਹੈ। ਜੋ ਪਰਿਵਾਰ ਨੂੰ ਦਿਹਾਂਤ ਮਗਰੋਂ ਹੋਣ ਵਾਲੇ ਕੰਮਾਂ ‘ਚ ਮਦਦ ਕਰਨ ਲਈ ਪੂਰੀ ਅੰਤਿਮ ਸੰਸਕਾਰ ਯੋਜਨਾ ਸਰਵਿਸ ਦੇ ਰਿਹਾ ਹੈ। ਇਸ ਦਾ ਮਕਸਦ ਦੁਖੀ ਰਿਸ਼ਤੇਦਾਰਾਂ ਦੇ ਸਿਰ ਤੋਂ ਇਸ ਤਰ੍ਹਾਂ ਦੇ ਬੋਝ ਨੂੰ ਘੱਟ ਕਰਨਾ ਹੈ ਅਤੇ ਇਹ ਤੈਅ ਕਰਨਾ ਹੈ ਕਿ ਅੰਤਿਮ ਸੰਸਕਾਰ ਇੱਜ਼ਤ ਨਾਲ ਅਤੇ ਬਿਨਾਂ ਕਿਸੇ ਉਲਝਣ ਦੇ ਹੋਵੇ। ਕੰਪਨੀ ਦੀ ਸਰਵਿਸ ਹਿੰਦੂ ਅੰਤਿਮ ਸੰਸਕਾਰ ਦੀਆਂ ਪਰੰਪਰਾਵਾਂ ਦੀ ਸੇਵਾ ਦਿੰਦੀ ਹੈ। ਕੰਪਨੀ ਵਲੋਂ ਇਨ੍ਹਾਂ ਪੈਕੇਜ ‘ਚ ਮ੍ਰਿਤਕ ਦੇਹ ਨੂੰ ਮੋਢਾ ਦੇਣ ਵਾਲੇ, ਮ੍ਰਿਤਕ ਦੇਹ ਨੂੰ ਲਿਜਾਉਣ ਵਾਲੀ ਗੱਡੀ, ਅਰਥੀ, ਪੰਡਿਤ, ਪੂਜਾ ਦਾ ਸਾਮਾਨ ਅਤੇ ਫੁੱਲਾਂ ਨਾਲ ਸਜਾਵਟ ਵਰਗੀ ਸਰਵਿਸ ਸ਼ਾਮਲ ਹੈ। ਅਸਥੀਆਂ ਇਕੱਠੀਆਂ ਕਰਨ, ਵਿਸਰਜਨ ਕਰਨ ਲਈ ਕਿਸ਼ਤੀ ਅਤੇ ਘਾਟ ਦੀ ਵਿਵਸਥਾ ਦੇ ਨਾਲ ਸ਼ਰਾਧ ਦੀ ਸਹੂਲਤ ਵੀ ਮਿਲਦੀ ਹੈ। ਹੁਣ ਤੱਕ ਇਹ ਕੰਪਨੀ 300 ਤੋਂ ਜ਼ਿਆਦਾ ਬੁਕਿੰਗ ਕਰ ਚੁੱਕੀ ਹੈ। ਵੈੱਬਸਾਈਟ ਅਨੁਸਾਰ, ਪੈਕੇਜ ਚੁਣੀ ਗਈ ਸਰਵਿਸ ਦੇ ਆਧਾਰ ‘ਤੇ ਲਗਭਗ 6 ਹਜ਼ਾਰ ਤੋਂ ਸ਼ੁਰੂ ਹੋ ਕੇ 1.5 ਲੱਖ ਤੱਕ ਦੇ ਹਨ। ਕੰਪਨੀ ਪ੍ਰੀ-ਬੁਕਿੰਗ ਦੀ ਸਹੂਲਤ ਵੀ ਦਿੰਦੀ ਹੈ, ਜਿਸ ਨਾਲ ਲੋਕ ਆਪਣੇ ਅੰਤਿਮ ਸੰਸਕਾਰ ਦੀ ਯੋਜਨਾ ਪਹਿਲਾਂ ਤੋਂ ਬਣਾ ਸਕਦੇ ਹਨ ਅਤੇ ਇੰਤਜ਼ਾਮ ਕਰ ਸਕਦੇ ਹਨ। ਕੰਪਨੀ ਦੇ ਡਾਇਰੈਕਟਰ ਵਿਸ਼ਵ ਕੰਦਰਪ ਅਨੁਸਾਰ, ਹੁਣ ਤੱਕ 300 ਤੋਂ ਜ਼ਿਆਦਾ ਲੋਕ ਇਸ ਸਰਵਿਸ ਲਈ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ ‘ਚੋਂ ਅਜਿਹੇ ਲੋਕ ਵੀ ਹਨ, ਜੋ ਆਪਣੇ ਜਿਊਂਦੇ ਜੀ ਅੰਤਿਮ ਸੰਸਕਾਰ ਦੀ ਬੁਕਿੰਗ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਜਾਣ ਮਗਰੋਂ ਪਰਿਵਾਰ ਨੂੰ ਇਨ੍ਹਾਂ ਇੰਤਜ਼ਾਮਾਂ ਲਈ ਭੱਜ-ਦੌੜ ਕਰਨੀ ਪਵੇ। ਇਹ ਸਟਾਰਟਅੱਪ ਅਜੇ ਦਿੱਲੀ-ਐੱਨਸੀਆਰ ਅਤੇ ਭਾਰਤ ਦੇ ਕਈ ਦੂਜੇ ਸ਼ਹਿਰਾਂ ‘ਚ ਆਪਣੀ ਸਰਵਿਸ ਦੇ ਰਿਹਾ ਹੈ। ਇਸ ਨੇ ਇੰਡੀਅਨ ਇੰਟਰਨੈਸ਼ਨਲ ਟਰੇਡ ਫੇਅਰ ‘ਚ ਇਕ ਸਟਾਲ ਵੀ ਲਗਾਇਆ ਹੈ, ਜਿਸ ਨਾਲ ਇਸ ਦਾ ਅਨੋਖਾ ਬਿਜ਼ਨੈੱਸ ਆਈਡੀਆ ਜ਼ਿਆਦਾ ਲੋਕਾਂ ਤੱਕ ਪਹੁੰਚ ਰਿਹਾ ਹੈ।

