
ਖਰੜ, -ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਦੋ ਸਾਲ ਤੋਂ ਚੱਲ ਰਹੇ ਸੰਘਰਸ਼ ਵਿੱਚ ਤੇਜੀ ਲਿਆਉਣ ਲਈ ਜੋ ਅੱਜ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸ ਵਿੱਚ ਸ਼ਾਮਲ ਹੋਣ ਜਾ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੇ ਜਥੇ ਨੂੰ ਪੰਜਾਬ ਪੁਲਿਸ ਨੇ ਚੰਡੀਗੜ੍ਹ ਨੇੜੇ ਖਰੜ ਵਿਖੇ ਹੀ ਅੱਗੇ ਜਾਣ ਤੋਂ ਰੋਕ ਲਿਆ। ਇੱਥੇ ਹੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਬੰਦੀ ਰਿਹਾਅ ਨਾ ਕੀਤੇ ਜਾਣ ਦੇ ਮਾਮਲੇ ਵਿੱਚ ਰੋਸ ਪ੍ਰਗਟ ਕਰਦੇ ਹੋਏ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ ਸਿਰਫ ਪੰਜਾਬ ਦੇ ਹੀ ਸਿੱਖ ਪਿਛਲੇ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਹੋਰ ਕਿਸੇ ਵੀ ਸਟੇਟ ਦਾ ਕੋਈ ਵਿਅਕਤੀ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨਹੀਂ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਸਾਡੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਕੇ ਸਾਡੀਆਂ ਮੰਗਾਂ ਨੂੰ ਜਾਇਜ਼ ਕਹਿੰਦੇ ਰਹੇ ਹਨ, ਪਰ ਹੁਣ ਮੁੱਖ ਮੰਤਰੀ ਬਣ ਕੇ ਬਹਾਨੇ ਲਗਾ ਰਹੇ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਮਾਮਲਾ ਕੇਂਦਰ ਸਰਕਾਰ ਦਾ ਹੈ। ਸਿੰਘ ਸਾਹਿਬ ਨੇ ਸਵਾਲ ਕੀਤਾ ਕਿ ਦੂਸਰੀਆਂ ਸਟੇਟਾਂ ਵਿੱਚ ਬੰਦ ਸਿੱਖਾਂ ਦਾ ਮਾਮਲਾ ਕੇਂਦਰ ਸਰਕਾਰ ਦਾ ਹੋ ਸਕਦਾ ਹੈ, ਪਰ ਜੋ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਉਹ ਮਾਮਲਾ ਪੰਜਾਬ ਸਰਕਾਰ ਤੱਕ ਸੀਮਤ ਹੈ। ਸਿੰਘ ਸਾਹਿਬ ਨੇ ਇਸ ਮੌਕੇ ਕਿਹਾ ਕਿ ਭਗਵੰਤ ਸਿੰਘ ਮਾਨ ਅਤੇ ਨਰਿੰਦਰ ਮੋਦੀ ਪੰਜਾਬ ਦੇ ਸਿੱਖਾਂ, ਕਿਸਾਨਾਂ ਅਤੇ ਪੰਜਾਬ ਦੀਆਂ ਹੋਰ ਮੰਗਾਂ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਦੀ ਸਾਜਿਸ਼ੀ ਪਹੁੰਚ ਅਪਣਾ ਰਹੇ ਹਨ, ਉਸ ਦੇ ਚੱਲਦਿਆਂ ਪੰਜਾਬ ਦੇ ਮਾਹੌਲ ਮੁੜ ਖਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਤੋਂ ਮੋਹਾਲੀ ਵਿੱਚ ਕੌਮੀ ਇਨਸਾਫ ਮੋਰਚੇ ਦਾ ਸੰਘਰਸ਼ ਚੱਲ ਰਿਹਾ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾ ਖੁਦ ਆਇਆ ਅਤੇ ਨਾ ਹੀ ਆਪਣੇ ਕਿਸੇ ਮੰਤਰੀ ਨੂੰ ਭੇਜਿਆ। ਮੁੱਖ ਮੰਤਰੀ ਨੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਨਾ ਕੋਈ ਸਰਵ ਪਾਰਟੀ ਮੀਟਿੰਗ ਬੁਲਾਈ ਅਤੇ ਨਾ ਹੀ ਸੰਤ ਸਮਾਜ ਨਾਲ ਕੋਈ ਗੱਲਬਾਤ ਕੀਤੀ। ਸਿੰਘ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਕਈ ਸਿਆਣੇ ਚੰਗੀ ਸੂਝ-ਬੂਝ ਵਾਲੇ ਸਿਵਲ ਅਤੇ ਪੁਲਿਸ ਅਫਸਰਾਂ ਤੋਂ ਚੰਗੀ ਸਲਾਹ ਲੈਣ ਦੀ ਥਾਂ ਸਿਵਲ ਅਤੇ ਪੁਲਿਸ ਵਿਭਾਗ ਦੇ ਕੁੱਝ ਸਾਬਕਾ ਅਧਿਕਾਰੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਇਹ ਸਾਬਕਾ ਅਧਿਕਾਰੀ ਗਲਤ ਸਲਾਹਾਂ ਦੇ ਕੇ ਮੁੱਖ ਮੰਤਰੀ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਸਿੰਘ ਸਾਹਿਬ ਦੇ ਨਾਲ ਜਥੇ ਵਿੱਚ ਸ਼ਾਮਲ ਬਾਬਾ ਗੁਰਮੀਤ ਸਿੰਘ ਹਜੂਰ ਸਾਹਿਬ ਵਾਲੇ, ਬਾਬਾ ਚਮਕੌਰ ਸਿੰਘ ਭਾਈ ਰੂਪਾ ਵਾਲੇ, ਇੰਟਰਨੈਸ਼ਨਲ ਪੰਥਕ ਦਲ ਦੇ ਕਾਰਜਕਾਰੀ ਪ੍ਰਧਾਨ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲੇ, ਬਾਬਾ ਸਤਨਾਮ ਸਿੰਘ ਵਲੀਆ ਮੁਖੀ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜਸੋਵਾਲ ਦਮਦਮੀ ਟਕਸਾਲ ਭਿੰਡਰਾਂਵਾਲੇ, ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਭਾਈ ਕਿਰਪਾ ਸਿੰਘ ਨੱਥੂਵਾਲਾ ਪ੍ਰਧਾਨ ਕਿਸਾਨ ਬਚਾਓ ਮੋਰਚਾ ਅਤੇ ਹੋਰ ਸ਼ਖਸੀਅਤਾਂ ਸੰਗਤਾਂ ਸਮੇਤ ਹਾਜਰ ਸਨ।