“Another Farmer Dies by Suicide at Shambhu Border; Dallewal’s Declining Health Sends Alarming Message to Rulers, Modi Government Must Take Heed: Mann”

ਨਵੀਂ ਦਿੱਲੀ, 10 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਕਿਸਾਨੀ ਮੰਗਾਂ ਦੀ ਪੂਰਤੀ ਨੂੰ ਮੁੱਖ ਰੱਖਕੇ ਜੋ ਬੀਤੇ 48 ਦਿਨਾਂ ਤੋਂ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਨੇ ਜੋ ਭੁੱਖ ਹੜਤਾਲ ਰੱਖੀ ਹੋਈ ਹੈ ਅਤੇ ਉਸ ਕਿਸਾਨੀ ਲਹਿਰ ਨੂੰ ਮਜਬੂਤੀ ਦੇਣ ਲਈ ਹਜਾਰਾਂ ਦੀ ਗਿਣਤੀ ਵਿਚ ਕਿਸਾਨ, ਮਜਦੂਰ ਆਪੋ ਆਪਣੇ ਟਰੈਕਟਰ, ਟਰਾਲੀਆ ਨਾਲ ਉਥੇ ਇਕੱਤਰ ਹੋ ਚੁੱਕੇ ਹਨ ਅਤੇ ਦਿਨੋ ਦਿਨ ਇਹ ਕਾਫਲਾ ਹਜਾਰਾਂ ਤੋ ਲੱਖਾਂ ਵੱਲ ਵੱਧਦਾ ਜਾ ਰਿਹਾ ਹੈ । ਇਸ ਦੌਰਾਨ ਜੋ ਸੰਭੂ ਬਾਰਡਰ ਉਤੇ ਇਕ ਰੇਸਮ ਸਿੰਘ ਨਾਮ ਦੇ ਕਿਸਾਨ ਵੱਲੋ ਸੈਟਰ ਦੇ ਹੁਕਮਰਾਨਾਂ ਦੇ ਕਿਸਾਨੀ ਜ਼ਬਰ ਵਿਰੁੱਧ ਖੁਦਕਸੀ ਕਰ ਲਈ ਗਈ ਹੈ ਅਤੇ ਸ. ਡੱਲੇਵਾਲ ਆਪਣੇ ਜੀਵਨ ਦੇ ਆਖਰੀ ਸਵਾਸਾਂ ਵੱਲ ਵੱਧ ਰਹੇ ਹਨ, ਇਹ ਸਥਿਤੀ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਵਿਰੁੱਧ ਅਤਿ ਗੰਭੀਰ ਅਤੇ ਵਿਸਫੋਟਕ ਸੁਨੇਹਾ ਦੇ ਰਹੀ ਹੈ । ਜੇਕਰ ਸੈਟਰ ਦੀ ਮੋਦੀ ਹਕੂਮਤ ਨੇ ਅਜੇ ਵੀ ਕਿਸਾਨਾਂ ਦੇ ਇਸ ਵਿਸੇ ਨੂੰ ਗੰਭੀਰਤਾ ਨਾਲ ਨਾ ਲੈਦੇ ਹੋਏ ਕਿਸਾਨੀ ਮੰਗਾਂ ਨੂੰ ਪ੍ਰਵਾਨ ਕਰਕੇ ਉੱਠੇ ਬਗਾਵਤੀ ਰੋਹ ਨੂੰ ਸ਼ਾਂਤ ਕਰਨ ਦੇ ਯਤਨ ਨਾ ਕੀਤੇ ਤਾਂ ਸਥਿਤੀ ਕਾਬੂ ਤੋ ਬਾਹਰ ਹੋ ਜਾਵੇਗੀ । ਸਮੁੱਚੇ ਮੁਲਕ ਵਿਚ ਅਰਾਜਕਤਾ ਫੈਲਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ । ਇਸ ਲਈ ਖਨੌਰੀ ਤੇ ਸੰਭੂ ਬਾਰਡਰ ਦੇ ਕਿਸਾਨੀ ਮੋਰਚੇ ਅਤਿ ਗੰਭੀਰ ਸੁਨੇਹਾ ਦੇ ਰਹੇ ਹਨ । ਜਿਸਦੀ ਭਾਵਨਾਵਾ ਨੂੰ ਸਮਝਦੇ ਹੋਏ ਮੋਦੀ ਹਕੂਮਤ ਨੂੰ ਤੁਰੰਤ ਬਿਨ੍ਹਾਂ ਦੇਰੀ ਕੀਤੇ ਕਿਸਾਨੀ ਮਸਲੇ ਨੂੰ ਹੱਲ ਕਰਕੇ ਸਥਿਤੀ ਨੂੰ ਸਹੀ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਖਨੌਰੀ ਤੇ ਸੰਭੂ ਬਾਰਡਰ ਉਤੇ ਲੱਗੇ ਮੋਰਚੇ ਸ. ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਅਤਿ ਗੰਭੀਰਤਾ ਵੱਲ ਵੱਧਣ ਤੇ ਕਿਸਾਨ ਵੱਲੋ ਖੁਦਕਸੀ ਕਰਨ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋ ਇਨ੍ਹਾਂ ਸਥਾਨਾਂ ਉਤੇ ਭੁੱਖ ਹੜਤਾਲ ਤੇ ਬੈਠਣ ਦੀਆਂ ਆ ਰਹੀਆ ਆਫਰਾ ਦੇ ਗੰਭੀਰ ਮੁੱਦੇ ਉਤੇ ਮੋਦੀ ਹਕੂਮਤ ਤੇ ਪੰਜਾਬ ਹਕੂਮਤ ਨੂੰ ਫੌਰੀ ਅਮਲ ਕਰਨ ਦੀ ਨੇਕ ਰਾਏ ਦਿੰਦੇ ਹੋਏ ਸਥਿਤੀ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਵਲ ਕਿਸਾਨ ਹੀ ਨਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਡੀ ਗਿਣਤੀ ਵਿਚ ਪੰਜਾਬ ਵਿਚ ਵਿਚਰ ਰਹੇ ਮੈਬਰਾਂ ਵੱਲੋ ਤੇ ਆਮ ਕਿਸਾਨਾਂ ਵੱਲੋ ਸਾਨੂੰ ਇਸ ਮੋਰਚੇ ਤੇ ਭੁੱਖ ਹੜਤਾਲ ਤੇ ਬੈਠਣ ਦੇ ਸੁਨੇਹੇ ਆ ਰਹੇ ਹਨ ਜਿਸ ਤੋ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਮੋਦੀ ਹਕੂਮਤ ਦੇ ਪੰਜਾਬ ਸੂਬੇ ਦੇ ਜਿੰਮੀਦਾਰ ਤੇ ਮਜਦੂਰਾਂ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਲੋਕ ਵੱਡੀ ਗਿਣਤੀ ਵਿਚ ਲਾਮਬੰਦ ਹੋ ਕੇ ਇਸ ਚੱਲ ਰਹੇ ਮੋਰਚੇ ਨੂੰ ਫੈਸਲਾਕੁੰਨ ਸਿੱਟੇ ਵੱਲ ਵਧਾਉਣ ਲਈ ਵੱਡੀ ਇੱਛਾ ਰੱਖਦੇ ਹਨ ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਜਾਵੇਗੀ । ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਮੁਲਕ ਦੀ ਵੰਡ ਤੋ ਪਹਿਲੇ ਪੰਜਾਬ ਦੇ ਖੇਤੀਬਾੜੀ ਵਜੀਰ ਸਰ ਛੋਟੂ ਰਾਮ ਦੇ ਸਮੇ ਵੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਵੱਡਾ ਰੋਹ ਉੱਠਿਆ ਸੀ ਜਿਸ ਨੂੰ ਸਰ ਛੋਟੂ ਰਾਮ ਨੇ ਸਮੁੱਚੇ ਕਿਸਾਨੀ ਕਰਜਿਆ ਤੇ ਲੀਕ ਮਾਰਕੇ ਉਨ੍ਹਾਂ ਦੀ ਵਿਗੜਦੀ ਜਾ ਰਹੀ ਆਰਥਿਕਤਾ ਨੂੰ ਮਜਬੂਤ ਕੀਤਾ ਸੀ । ਅੱਜ ਵੀ ਸੈਟਰ ਤੇ ਪੰਜਾਬ ਸਰਕਾਰ ਦੀਆਂ ਦਿਸ਼ਾਹੀਣ ਨੀਤੀਆ ਦੀ ਬਦੌਲਤ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਸਾਜਸੀ ਢੰਗਾਂ ਰਾਹੀ ਡੂੰਘੀ ਸੱਟ ਮਾਰੀ ਜਾ ਰਹੀ ਹੈ । ਪੰਜਾਬ ਦੀ ਸਮੁੱਚੀ ਆਰਥਿਕਤਾ ਕਿਸਾਨ-ਮਜਦੂਰ ਕਿੱਤੇ ਨਾਲ ਸੰਬੰਧਤ ਹੈ । ਇਹੀ ਵਜਹ ਹੈ ਕਿ ਸੈਟਰ ਦੀ ਮੰਦਭਾਵਨਾ ਭਰੀ ਸੋਚ ਅਧੀਨ ਹੀ ਪੰਜਾਬ ਦੇ ਜਿੰਮੀਦਾਰ, ਮਜਦੂਰਾਂ ਨਾਲ ਇਹ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ । ਇਸਦੀ ਸਮੁੱਚੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਮੌਜੂਦਾ ਚੱਲ ਰਹੇ ਕਿਸਾਨ ਮੋਰਚੇ ਦੀਆਂ ਮੰਗਾਂ ਦੀ ਫੌਰੀ ਪੂਰਤੀ ਕਰਨੀ ਬਣਦੀ ਹੈ ਤਾਂ ਕਿ ਪੰਜਾਬ ਦੀ ਆਰਥਿਕਤਾ ਦੀ ਡਾਵਾਡੋਲ ਹੋਈ ਸਥਿਤੀ ਨੂੰ ਸਹੀ ਕੀਤਾ ਜਾ ਸਕੇ ਅਤੇ ਸਮੁੱਚੇ ਪੰਜਾਬੀਆਂ, ਪੰਜਾਬ ਸੂਬੇ ਦੀ ਆਰਥਿਕਤਾ ਨੂੰ ਲਾਇਨ ਤੇ ਲਿਆਂਦਾ ਜਾ ਸਕੇ ।