
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ 28 ਜਨਵਰੀ ਨੂੰ ਹੋ ਰਹੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸਤਿਕਾਰ ਨਾਲ ਸੱਦਾ ਪੱਤਰ ਭੇਜ ਕੇ ਜਰੂਰ ਬੁਲਾਉਣ। ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਝੂਠੇ ਤੇ ਬੇਬੁਨਿਆਦ ਦੋਸ਼ਾਂ ਚੋਂ ਉਹਨਾਂ ਨੂੰ ਬਰੀ ਕੀਤਾ ਹੈ ਅਤੇ ਬਾਦਲਾਂ ਵੱਲੋਂ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਰੱਦ ਕਰ ਦਿੱਤਾ ਹੈ। ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਬੁਲਾਉਣ ਲਈ ਜਰੂਰ ਸੱਦਾ ਭੇਜਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਅਕਾਲੀ ਫੂਲਾ ਸਿੰਘ ਵਰਗਾ ਰੋਲ ਨਿਭਾਇਆ ਹੈ ਸਾਰਾ ਪੰਥ ਉਹਨਾਂ ਦਾ ਆਦਰ ਸਤਿਕਾਰ ਕਰਦਾ ਹੈ। 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਬਾਦਲਕਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਝੂਠੇ ਦੋਸ਼ ਲਗਾ ਕੇ ਉਹਨਾਂ ਦੇ ਚਰਿੱਤਰ ਉੱਤੇ ਚਿੱਕੜ ਉਛਾਲਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਸਾਰਾ ਸਿੱਖ ਪੰਥ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਬਾਦਲਕਿਆਂ ਦੀਆਂ ਇਹਨਾਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ ਇਸ ਲਈ ਸਾਰੇ ਪੰਥ ਨੇ ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਝੂਠੇ ਦੋਸ਼ਾਂ ਨੂੰ ਖਾਰਜ ਕੀਤਾ ਸੀ। ਹੁਣ ਵੀ ਬਾਦਲਕੇ ਰਲ ਕੇ ਇੱਕ ਗਿਣੀ ਮਿਥੀ ਸਾਜ਼ਿਸ਼ ਤਹਿਤ ਪੰਜ ਸਿੰਘ ਸਾਹਿਬਾਨਾਂ ਵਿੱਚ ਆਪਸੀ ਫੁੱਟ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਸੱਤ ਮੈਂਬਰੀ ਕਮੇਟੀ ਅੱਖੋਂ ਪਰੋਖੇ ਕਰਕੇ ਅਕਾਲ ਤਖ਼ਤ ਨਾਲ਼ ਮੱਥਾ ਲਾ ਕੇ ਪੰਜ ਸਿੰਘ ਸਾਹਿਬਾਨਾਂ ਨੂੰ ਵੰਗਾਰ ਰਹੇ ਹਨ । ਇਸ ਲਈ ਸਾਡੀ ਸਨਿਮਰ ਬੇਨਤੀ ਹੈ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਹਨਾਂ ਦੀਆਂ ਚਾਲਾਂ ਤੋਂ ਫੇਲ੍ਹ ਕਰਨ ਲਈ ਅਤੇ ਆਪਸੀ ਏਕਤਾ ਦਾ ਸਬੂਤ ਦੇ ਕੇ ਪੂਰੇ ਸਤਿਕਾਰ ਸਹਿਤ ਗਿਆਨੀ ਹਰਪ੍ਰੀਤ ਜੀ ਨੂੰ ਇਸ ਮੀਟਿੰਗ ਦਾ ਹਿੱਸਾ ਬਣਾਉਣਾ ਚਾਹੀਦਾ ਹੈ।।