“Dal Khalsa and Shiromani Akali Dal Amritsar Condemn House Arrests of Sikh Leaders Ahead of March”

House Arrests of Sikh Leaders

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ):- ਗਣਤੰਤਰਤਾ ਦਿਵਸ ਦੇ ਵਿਰੋਧ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 25 ਜਨਵਰੀ ਨੂੰ ਮਾਨਸਾ ਵਿਖੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਜਿਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਿੱਖ ਆਗੂਆਂ ਦੀ ਘਰੋ ਘਰੀ ਨਜ਼ਰਬੰਦੀ ਕਰ ਦਿੱਤੀ ਗਈ । ਜਿਸ ਵਿੱਚ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਰਾਜ, ਗੁਰਵਿੰਦਰ ਸਿੰਘ ਬਠਿੰਡਾ, ਬਲਕਾਰਨ ਸਿੰਘ ਡੱਬਵਾਲੀ, ਜੀਵਨ ਸਿੰਘ ਗਿੱਲ ਕਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਸਮੇਤ ਕਈ ਆਗੂਆਂ ਦੇ ਨਾਮ ਪ੍ਰਮੁੱਖ ਹਨ ਜਿਨਾਂ ਨੂੰ ਪੁਲਿਸ ਨੇ ਘਰਾਂ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ । ਇਸ ਮੌਕੇ ਬਾਬਾ ਹਰਦੀਪ ਸਿੰਘ ਮਹਾਰਾਜ ਅਤੇ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਪੰਥਕ ਸੋਚ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਕੇ ਨਹੀਂ ਦਬਾਇਆ ਜਾ ਸਕਦਾ ਅਤੇ ਉਹ ਗਣਤੰਤਰਤਾ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਮਾਣ ਸਰਕਾਰ ਵੀ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਸਿੱਖ ਕੌਮ ਨੂੰ ਇਨਸਾਫ ਦੇਣ ਦੀ ਬਜਾਏ ਦਬਾਅ ਦੀ ਰਣਨੀਤੀ ਵਿੱਚ ਉੱਤਰੀ ਹੋਈ ਹੈ ਜਿਸ ਦਾ ਆਉਂਦੇ ਸਮੇਂ ਵਿੱਚ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ। ਜ਼ਿਕਰ ਯੋਗ ਹੈ ਕਿ ਅੱਜ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਪੰਥਕ ਜਥੇਬੰਦੀਆਂ ਵੱਲੋਂ ਮਾਨਸਾ ਵਿੱਚ ਮਾਰਚ ਵੀ ਕੱਢਿਆ ਗਿਆ ਨਜ਼ਰਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਆਗੂ ਮਾਨਸਾ ਪਹੁੰਚੇ ਅਤੇ ਮਾਰਚ ਕੀਤਾ ਗਿਆ। ਇਸ ਮੌਕੇ ਪੁਲਿਸ ਨਾਲ ਤੂੰ ਤੂੰ ਮੈਂ ਵੀ ਹੋਈ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ।