“Kisan Mazdoor Sangharsh Committee Prepares for Strong March from Shambhu Morcha on 29th, Holds Massive Gathering in Border Belt”

ਦਿੱਲੀ ਅੰਦੋਲਨ 2 ਨੂੰ ਹੋਰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਕੂਚ ਕਰਨ ਅਤੇ 26 ਜਨਵਰੀ ਦੇ ਐਕਸ਼ਨ ਪ੍ਰੋਗਰਾਮਾਂ ਦੀ ਤਿਆਰੀ ਲਈ ਅੱਜ ਲੋਪੋਕੇ ਦੇ ਗੁਰਦੁਆਰਾ ਸਾਧੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਬਾ ਪੱਕਾ ਸ਼ਹਿਰ ਵਿੱਚ 2 ਵਿਸ਼ਾਲ ਇਕੱਠ ਕਰਕੇ ਕਿਸਾਨਾਂ ਮਜਦੂਰਾਂ ਦੀ ਲਾਮਬੰਦੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਇੱਕ ਸਾਲ ਤੋਂ ਕਿਸਾਨ ਮਜਦੂਰ ਸੜਕਾਂ ਤੇ ਬੈਠਣ ਲਈ ਮਜਬੂਰ ਹਨ ਅਤੇ ਸੈਕੜੇ ਫੱਟੜ ਹੋ ਚੁੱਕੇ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਜਾਨਾਂ ਵਾਰ ਚੁੱਕੇ ਹਨ, ਪਰ ਅੰਦੋਲਨ ਲਗਾਤਾਰ ਵਧ ਰਿਹਾ ਹੈ। ਓਹਨਾ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਪਰ ਅੰਦੋਲਨ ਦੇ ਦਬਾਅ ਹੇਠ ਹੀ ਇਸ ਮੀਟਿੰਗ ਵਿੱਚੋਂ ਮੰਗਾਂ ਤੇ ਕੋਈ ਚੰਗਾ ਹੱਲ ਨਿਕਲੇਗਾ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਅੰਦੋਲਨ ਨੂੰ 12 ਮਹੀਨੇ ਪੂਰੇ ਹੋਣ ਜਾ ਰਹੇ ਹਨ ਪਰ ਜੰਡਿਆਲਾ ਰੈਲੀ ਤੋਂ ਬਾਅਦ ਅਬਦਾਲ ਰੈਲੀ ਅਤੇ ਅੱਜ ਦੇ ਦੋ ਇੱਕਠਾਂ ਵੱਲੋਂ ਕੇਂਦਰ ਸਰਕਾਰ ਨੂੰ ਸਪਸਟ ਸੁਨੇਹਾ ਹੈ ਕਿ ਪੰਜਾਬ ਦੇ ਲੋਕ ਦਿੱਲੀ ਅੰਦੋਲਨ 2 ਜਿੱਤਣ ਤੱਕ ਅੱਕਣ ਜਾਂ ਥੱਕਣ ਵਾਲੇ ਨਹੀਂ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਜਿੱਥੇ ਦੇਸ਼ ਦੇ ਕਿਸਾਨਾਂ ਵੱਲੋਂ ਟਰੈਕਟਰ ਕਾਰਪੋਰੇਟ ਘਰਾਣਿਆਂ ਦੇ ਸ਼ੋਪਿੰਗ ਮਾਲ ਸੈਲੋ ਗੁਦਾਮਾ ਅਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਖੜੇ ਕਰਕੇ ਸਿੱਧ ਕਰ ਦਿੱਤਾ ਜਾਵੇਗਾ ਕਿ ਇਹ 2-3 ਸਟੇਟਾਂ ਦਾ ਅੰਦੋਲਨ ਨਾ ਹੋ ਕੇ ਪੂਰੇ ਦੇਸ਼ ਦਾ ਹੈ ਓਥੇ ਹੀ ਜਿਲ੍ਹਾ ਅੰਮ੍ਰਿਤਸਰ ਵਿੱਚ 12 ਤੋਂ 1:30 ਵਜੇ ਤੱਕ ਹਜ਼ਾਰਾਂ ਟਰੈਕਟਰ, ਵੱਖ ਵੱਖ ਕਾਰਪੋਰੇਟ ਘਰਾਣਿਆਂ ਦੇ ਸੈਲੋ ਗੁਦਾਮਾਂ, ਸ਼ੌਪਿੰਗ ਮਾਲਾਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ, ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਿਲ੍ਹਾ ਆਗੂ ਕੁਲਜੀਤ ਸਿੰਘ ਕਾਲੇ, ਗੁਰਦੇਵ ਸਿੰਘ ਗੱਗੋਮਾਹਲ ਨੇ ਕਿਹਾ ਕਿ 29 ਜਨਵਰੀ ਨੂੰ ਜਿਲ੍ਹੇ ਅੰਮ੍ਰਿਤਸਰ ਤੋਂ ਬਿਆਸ ਵਿਖੇ ਸੈਕੜੇ ਟਰੈਕਟਰ ਟਰਾਲੀਆਂ ਇੱਕਠੀਆਂ ਹੋਣਗੀਆਂ ਤੇ 30 ਦੀ ਸਵੇਰ ਸ਼ੰਭੂ ਮੋਰਚੇ ਨੂੰ ਕੂਚ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਸਪਸ਼ਟ ਰੂਪ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬ ਦੇ ਲੋਕ ਅੱਜ ਵੀ ਕਿਸਾਨਾਂ ਮਜਦੂਰਾਂ ਦੇ ਹੱਕਾਂ ਲਈ ਹਰ ਕੁਰਬਾਨੀ ਕਰਨ ਲਈ ਤਿਆਰੀ ਹਨ। ਉਹਨਾਂ ਕਿਹਾ ਕਿ ਅੰਦੋਲਨ ਅਤੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਫੇਲ੍ਹ ਕਰਦੇ ਹੋਏ ਇਹ ਅੰਦੋਲਨ ਐਮ ਐਸ ਪੀ ਗਰੰਟੀ ਕਾਨੂੰਨ ਬਣਨ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲੈਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਮਜਦੂਰਾਂ ਲਈ ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ, ਕਿਸਾਨ ਅਤੇ ਖੇਤ ਮਜ਼ਦੂਰ ਲਈ 10 ਹਜ਼ਾਰ ਪੈਨਸ਼ਨ, ਆਦਵਾਸੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਕੁਲਬੀਰ ਸਿੰਘ ਲੋਪੋਕੇ, ਫਤਿਹ ਸਿੰਘ ਲੋਪੋਕੇ, ਗੁਰਲਾਲ ਸਿੰਘ ਕੱਕੜ, ਜਸਮੀਤ ਸਿੰਘ ਰਾਣੀਆ, ਸੁਖਵਿੰਦਰ ਸਿੰਘ ਕੋਲੋਂਵਾਲ, ਨਿਰਮਲ ਸਿੰਘ ਨੂਰਪੁਰ, ਗੁਰਤੇਜ ਸਿੰਘ ਜਠੌਲ, ਨਰਿੰਦਰ ਸਿੰਘ ਭਿੱਟੇਵਿਡ, ਅੰਗਰੇਜ਼ ਸਿੰਘ ਸੈਂਸਰਾ, ਗੁਰਦਾਸ ਸਿੰਘ ਵਿਛੋਆ, ਪ੍ਰਭਜੋਤ ਸਿੰਘ ਗੁਜਰਪੁਰਾ, ਜੋਗਿੰਦਰ ਸਿੰਘ ਫੱਤੇਵਾਲ, ਸੁਖਜਿੰਦਰ ਸਿੰਘ ਹਰੜ, ਜਰਨੈਲ ਸਿੰਘ ਹਰੜ ਤੋਂ ਇਲਾਵਾ ਸੈਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਿਰ ਹੋਏ।