“Court Finds Congress Leader Sajjan Kumar Guilty in a Case Related to the November 1984 Sikh Massacre”

41 ਸਾਲ ਬਾਅਦ ਅਦਾਲਤ ਨੇ ਕੀਤਾ ਇਨਸਾਫ, 18 ਫਰਵਰੀ ਨੂੰ ਸਜ਼ਾ ਦਾ ਹੋਏਗਾ ਐਲਾਨ 

ਨਵੀਂ ਦਿੱਲੀ 12 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇੱਕ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ।  ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਉਣਾ ਸੀ ਪਰ ਉਨ੍ਹਾਂ ਆਪਣਾ ਫੈਸਲਾ 12 ਫਰਵਰੀ ਤੱਕ ਟਾਲ ਦਿੱਤਾ ਸੀ। ਜਨਵਰੀ ਵਿੱਚ, ਅਦਾਲਤ ਨੇ ਇਸਤਗਾਸਾ ਪੱਖ ਵੱਲੋਂ ਕੁਝ ਨੁਕਤਿਆਂ ‘ਤੇ ਵਿਸਤ੍ਰਿਤ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਣ ਤੋਂ ਬਾਅਦ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਸੀ।  ਇਹ ਮਾਮਲਾ 1984 ਦੇ ਸਿੱਖ ਕਤਲੇਆਮ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਵਿਅਕਤੀਆਂ ਦੇ ਕਤਲ ਨਾਲ ਸਬੰਧਤ ਹੈ।  ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।  ਇਸ ਸਬੰਧੀ ਪਹਿਲਾਂ ਪੰਜਾਬੀ ਬਾਗ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ।  16 ਦਸੰਬਰ, 2021 ਨੂੰ, ਅਦਾਲਤ ਨੇ ਕੁਮਾਰ ਦੇ ਖਿਲਾਫ ਦੋਸ਼ ਆਇਦ ਕੀਤੇ ਅਤੇ ਉਸਦੇ ਖਿਲਾਫ “ਪ੍ਰਥਮ ਨਜ਼ਰੀਏ” ਕੇਸ ਪਾਇਆ। ਇਸਤਗਾਸਾ ਪੱਖ ਦੇ ਅਨੁਸਾਰ, ਮਾਰੂ ਹਥਿਆਰਾਂ ਨਾਲ ਲੈਸ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਵੱਡੇ ਪੱਧਰ ‘ਤੇ ਲੁੱਟਮਾਰ, ਅੱਗਜ਼ਨੀ ਅਤੇ ਸਿੱਖਾਂ ਦੀ ਜਾਇਦਾਦ ਦੀ ਤਬਾਹੀ ਕੀਤੀ ਸੀ।  ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਭੀੜ ਨੇ ਘਰ ਵਿਚ ਦਾਖਲ ਹੋ ਕੇ ਜਸਵੰਤ ਅਤੇ ਉਸ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ, ਉਨ੍ਹਾਂ ਦਾ ਸਮਾਨ ਲੁੱਟ ਲਿਆ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ।  ਕੇਸ ਦੀ ਸੁਣਵਾਈ ਕਰ ਰਹੀ ਅਦਾਲਤ ਦੇ ਅਨੁਸਾਰ, “ਇਹ ਨਿਰਧਾਰਤ ਕਰਨ ਲਈ ਪਹਿਲੇ ਨਜ਼ਰੀਏ ਨਾਲ ਕਾਫ਼ੀ ਸਬੂਤ ਹਨ, ਕਿ ਕੁਮਾਰ ਨਾ ਸਿਰਫ ਇੱਕ ਭਾਗੀਦਾਰ ਸੀ ਬਲਕਿ ਭੀੜ ਦੀ ਅਗਵਾਈ ਵੀ ਕਰਦਾ ਸੀ।”