“Sentencing Sajjan Kumar After 42 Years Still a Great Injustice to the Sikh Nation: Mann”

ਜਸਟਿਸ ਡਿਲੇਅ ਇਜ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ਼ ਵਿਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ

ਨਵੀਂ ਦਿੱਲੀ, 13 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) “ਮਰਹੂਮ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸ ਸਮੇ ਦੇ ਵਜੀਰ ਏ ਆਜਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇਕ ਡੂੰਘੀ ਸਾਜਿਸ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਨਿਰਦੋਸ਼ ਸਿੱਖ ਬੀਬੀਆਂ, ਬਜੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿੰਮੀ ਨਾਲ ਅਤਿ ਦਰਿੰਦਗੀ ਭਰੀਆ ਕਾਰਵਾਈਆ ਰਾਹੀ ਸਿੱਖ ਕੌਮ ਦਾ ਕਤਲੇਆਮ ਕੀਤਾ, ਇਹ ਕਾਲਾ ਧੱਬਾ ਅੱਜ ਤੱਕ ਇੰਡੀਆ ਦੇ ਮੱਥੇ ਉਤੇ ਲੱਗਿਆ ਹੋਇਆ ਹੈ । ਬੇਸੱਕ ਇਥੋ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇ ਦੇ ਸਿੱਖ ਕੌਮ ਦੇ ਕਾਤਲਾਂ ਵਿਚ ਆਉਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਮੇ ਸਮੇ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਤੇ ਵਿਤਕਰਾ ਹੈ ਕਿਉਂਕਿ ਜਸਟਿਸ ਡਿਲੇਅ ਇਜ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ਼ ਵਿਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਦੇ ਲੰਮੇ ਸਮੇ ਬਾਅਦ ਸਜ਼ਾ ਸੁਣਾਏ ਜਾਣ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਐਨੀ ਦੇਰੀ ਕਰਨ ਨੂੰ ਵੀ ਇਨਸਾਫ ਨਾ ਦੇਣ ਵਾਲੀ ਗੱਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਜੋ ਹੁਕਮਰਾਨਾਂ ਨੇ ਗਿਣੀ ਮਿੱਥੀ ਸਾਜਿਸ ਅਧੀਨ ਸਰਬੱਤ ਦਾ ਭਲਾ ਲੋੜਨ ਵਾਲੀ, ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮੰਦਭਾਵਨਾ ਅਧੀਨ ਕਤਲੇਆਮ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹੁਕਮਰਾਨ ਜਮਹੂਰੀਅਤ ਅਤੇ ਅਮਨਮਈ ਕਰਾਰ ਦਿੰਦੇ ਹਨ, ਉਸਦੇ ਨਿਯਮਾਂ ਤੇ ਕਾਨੂੰਨਾਂ ਦੀਆਂ ਧੱਜੀਆ ਉਡਾਉਦੇ ਹੋਏ ਹੁਕਮਰਾਨ ਜਮਾਤ ਨੇ ਸਿੱਖਾਂ ਉਤੇ ਜ਼ਬਰ ਕਰਕੇ ਤਾਨਾਸਾਹੀ ਸੋਚ ਅਧੀਨ ਬੇਇਨਸਾਫ਼ੀਆਂ ਅਤੇ ਵਿਤਕਰਿਆ ਵਿਚ ਹੀ ਵਾਧਾ ਕੀਤਾ ਹੈ ਅਤੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਢਾਅ ਲਗਾਈ ਹੈ । ਜਦੋਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਣਾ ਵੀ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ । ਅਜਿਹੇ ਰਾਜ ਪ੍ਰਬੰਧ ਵਿਚ ਕਦੀ ਵੀ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀ ਰੱਖਿਆ ਜਾ ਸਕਦਾ । ਜਿਸ ਵਿਚ ਕਾਤਲਾਂ ਤੇ ਅਪਰਾਧੀਆ ਨੂੰ ਹੁਕਮਰਾਨ, ਜੱਜ, ਅਦਾਲਤਾਂ ਸਰਪ੍ਰਸਤੀ ਕਰਦੇ ਹੋਣ । ਬਲਕਿ ਅਜਿਹੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਵੱਡਾ ਖਤਰਾ ਹੁੰਦੇ ਹਨ । ਸਿੱਖ ਕੌਮ ਨੂੰ 1984 ਦੇ ਕਤਲੇਆਮ ਦਾ ਸਹੀ ਦਿਸ਼ਾ ਵੱਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਦੇ ਹੋਏ ਉਨ੍ਹਾਂ ਦੇ ਮਨ-ਆਤਮਾ ਵਿਚ ਹੁਕਮਰਾਨਾਂ ਲਈ ਗੁੱਸੇ ਅਤੇ ਨਫਰਤ ਵਿਚ ਹੀ ਵਾਧਾ ਕੀਤਾ ਜਾ ਰਿਹਾ ਹੈ । ਨਾ ਕਿ ਉਨ੍ਹਾਂ ਦੇ ਮਨਾਂ ਉਤੇ 1984 ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ, ਸਿੱਖ ਕਤਲੇਆਮ ਅਤੇ ਹੋਰ ਅਨੇਕ ਤਰ੍ਹਾਂ ਦੇ ਹੋਏ ਜ਼ਬਰ ਦੀ ਬਦੌਲਤ ਲੱਗੇ ਡੂੰਘੇ ਜਖਮਾਂ ਉਤੇ ਮੱਲ੍ਹਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ । ਅਜਿਹੇ ਰਾਜ ਪ੍ਰਬੰਧ ਦਾ ਜਮਹੂਰੀਅਤ ਵਿਚ ਕੋਈ ਵੀ ਵਿਸਵਾਸ ਨਹੀ ਹੁੰਦਾ । ਬਲਕਿ ਉਹ ਆਪਣੇ ਵਿਧਾਨ, ਕਾਨੂੰਨ, ਨਿਯਮਾਂ ਨੂੰ ਆਪਣੇ ਹੀ ਮੁਫਾਦਾਂ ਦੀ ਪੂਰਤੀ ਲਈ ਦੁਰਵਰਤੋ ਕਰਨ ਦੇ ਆਦਿ ਹੁੰਦੇ ਹਨ । ਜਿਸ ਨਾਲ ਮੁਲਕ ਨਿਵਾਸੀਆ ਦੇ ਮਨ ਵਿਚ ਨਿਰਾਸਾ ਅਤੇ ਰੋਹ ਹੀ ਉਤਪੰਨ ਹੁੰਦਾ ਹੈ । ਜਿਸ ਲਈ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੈ ।