ਹਿਮਾਚਲ ‘ਚ ਅਮਨ ਸੂਦ ਨੂੰ ਸੰਮਨ ਤੇ ਨੋਟਿਸ ਜਾਰੀ, ਸੰਤ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਦਾ ਮਾਮਲਾ

ਹਿਮਾਚਲ ‘ਚ ਅਮਨ ਸੂਦ ਨੂੰ ਸੰਮਨ ਤੇ ਨੋਟਿਸ ਜਾਰੀ, ਸੰਤ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਦਾ ਮਾਮਲਾ
ਕੁੱਲੂ, ਹਿਮਾਚਲ ਪ੍ਰਦੇਸ਼ (23 ਮਾਰਚ, 2025): ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਵਾਲੇ ਅਮਨ ਸੂਦ ਦੇ ਖਿਲਾਫ ਹਿਮਾਚਲ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ।

ਕੁੱਲੂ ਦੇ ਸਬ-ਡਵੀਜ਼ਨਲ ਮੈਜਿਸਟਰੇਟ ਨੇ ਅਮਨ ਸੂਦ, ਜੋ ਹਿਮਾਲੀਅਨ ਵਿਲੇਜ ਰਿਜ਼ੋਰਟ, ਡੁੰਕਹਰਾ ਦਾ ਵਸਨੀਕ ਹੈ, ਨੂੰ ਸੰਮਨ ਜਾਰੀ ਕਰਕੇ 24 ਮਾਰਚ 2025 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਉਸ ‘ਤੇ BNSS 2023 ਦੀ ਧਾਰਾ 126(2)/69 ਅਧੀਨ ਸ਼ਾਂਤੀ ਭੰਗ ਕਰਨ ਅਤੇ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹਨ। ਨਾਲ ਹੀ, ਮਨੀਕਰਨ ਪੁਲੀਸ ਸਟੇਸ਼ਨ ਨੇ ਨੋਟਿਸ ਜਾਰੀ ਕੀਤਾ, ਜਿਸ ‘ਚ ਉਸ ‘ਤੇ BNSS ਦੀ ਧਾਰਾ 126(2), 352, 351(2) ਅਧੀਨ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ ‘ਤੇ ਨਫ਼ਰਤ ਫੈਲਾਉਣ ਅਤੇ ਸਮਾਜਿਕ ਸਦਭਾਵਨਾ ਵਿਗਾੜਨ ਦੇ ਦੋਸ਼ ਲਾਏ ਗਏ। ਨੋਟਿਸ ‘ਚ ਉਸ ਨੂੰ ਨਿਊਜ਼ ਚੈਨਲਾਂ ‘ਚ ਇੰਟਰਵਿਊ ਜਾਂ ਬਹਿਸਾਂ ‘ਚ ਹਿੱਸਾ ਲੈਣ ਤੋਂ ਰੋਕਿਆ ਗਿਆ, ਨਹੀਂ ਤਾਂ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਇਸ ਘਟਨਾ ਨੇ ਸਿੱਖ ਭਾਈਚਾਰੇ ‘ਚ ਰੋਸ ਪੈਦਾ ਕੀਤਾ ਹੈ, ਜਿਸ ਨਾਲ ਤਣਾਅ ਵਧਣ ਦੀ ਸੰਭਾਵਨਾ ਹੈ।