ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ,ਸ਼ਹੀਦੀ 29 ਮਾਰਚ 2012 “ਗੁਰਦਾਸਪੁਰ”

ਸ਼ਹੀਦ ਭਾਈ ਜਸਪਾਲ ਸਿੰਘ ਦਾ ਜਨਮ 5 ਮਈ 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ. ਗੁਰਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਭਾਈ ਜਸਪਾਲ ਸਿੰਘ ਆਪਣੇ ਮਾਪਿਆਂ ਦੇ ਇਕਲੌਤੇ ਸਪੁੱਤਰ ਸਨ। ਇਨ੍ਹਾਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਪੂਰਨ ਗੁਰਸਿੱਖੀ ਰੂਪ ਧਾਰ ਲਿਆ ਅਤੇ ਵਿਰਾਸਤ ਵਿਚ ਮਿਲੀ ਗੁਰਸਿੱਖੀ ਦੀ ਗੁੜਤੀ ਨੇ ਭਾਈ ਜਸਪਾਲ ਸਿੰਘ ਨੂੰ ਸਿੱਖੀ ਸਿਦਕ ਵਿਚ ਇੰਨਾ ਵਿਸ਼ਵਾਸ ਹੋ ਗਿਆ ਕਿ ਉਹ ਕੇਸਾਂ ਤੇ ਕੰਘਾ ਕਰਨ ਸਮੇਂ ਵੀ ਜ਼ਮੀਨ ਤੇ ਸਾਫ ਕਪੜਾ ਵਿਸ਼ਾ ਲੈਂਦੇ ਸੀ ਤਾਂ ਕਿ ਮੇਰੇ ਇਸ ਸਰੂਪ ਦਾ ਕੋਈ ਵੀ ਰੋਮ ਵਿਅਰਥ ਨਾ ਰੁਲੇ। ਰੋਜ਼ਾਨਾ ਸਵੇਰੇ ਉਠ ਕੇ ਇਸ਼ਨਾਨ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਪਾਠ ਕਰ ਕੇ ਅਪਣੇ ਰੋਜ਼ਾਨਾ ਜੀਵਨ ਦੀ ਸ਼ੁਰੂਆਤ ਕਰਦਾ ਸੀ। ਜਿਥੇ ਉਹ ਬਾਣੀ ਵਿਚ ਪ੍ਰਪੱਕ ਸਨ, ਉਥੇ ਹੀ ਨਾਲ-ਨਾਲ ਪੜ੍ਹਾਈ ਵਿਚ ਵੀ ਭਾਈ ਜਸਪਾਲ ਸਿੰਘ ਸ਼ਾਨਦਾਰ ਮੋਹਰਲੀ ਕਤਾਰ ਵਿਚ ਅਪਣੀ ਸ਼ਾਨ ਮਹਿਸੂਸ ਕਰਦਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਹੇਠ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੱਖ ਕੌਮ ਵਲੋਂ ਅਰੰਭੇ ਸ਼ਾਂਤਮਈ ਸੰਘਰਸ਼ ਦੌਰਾਨ ਸਿੱਖ ਕੌਮ ਦੀ ਆਨ ਤੇ ਸ਼ਾਨ ਦਸਤਾਰ ਦੀ ਰਖਵਾਲੀ ਕਰਦਿਆਂ ਗੁਰਦਾਸਪੁਰ ਵਿਖੇ 29 ਮਾਰਚ 2012 ਨੂੰ ਬਾਦਲ ਸਰਕਾਰ ਦੇ ਹੁਕਮਾਂ ਤੇ ਚਲਾਈ ਅੰਧਾ ਧੁੰਦ ਗੋਲੀਬਾਰੀ ਦੌਰਾਨ ਭਾਈ ਜਸਪਾਲ ਸਿੰਘ ਕੌਮ ਨੂੰ ਸਮਰਪਿਤ ਹੋ ਕੇ ਸ਼ਹੀਦ ਹੋ ਗਏ।