ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਬਾਰੇ ਵਿਸ਼ੇਸ਼ ਇਕੱਤਰਤਾ, ਪੁਰਾਣੇ ਫੈਸਲੇ ਰਹਿਣਗੇ ਲਾਗੂ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ, ਸ਼ਹੀਦਾਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ, ਐਨੀਮੇਸ਼ਨ, ਅਤੇ ਏਆਈ ਵੀਡੀਓਜ਼ ਸਬੰਧੀ ਵਿਚਾਰਨ ਲਈ ਵਿਸ਼ੇਸ਼ ਇਕੱਤਰਤਾ ਹੋਈ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ’ਚ ਹੋਈ, ਜਿਸ ’ਚ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਕੱਤਰਤਾ ’ਚ ਸਮੂਹ ਸ਼ਖ਼ਸੀਅਤਾਂ ਨੇ ਚੰਗੇ ਮਾਹੌਲ ’ਚ ਸੁਝਾਅ ਰੱਖੇ। ਜਥੇਦਾਰ ਗੜਗੱਜ ਨੇ ਐਲਾਨ ਕੀਤਾ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸਾਹਿਬਜ਼ਾਦਿਆਂ, ਅਤੇ ਸ਼ਹੀਦਾਂ ’ਤੇ ਫ਼ਿਲਮਾਂ ਸਬੰਧੀ ਪਹਿਲਾਂ ਲਏ ਫੈਸਲੇ (1934, 1940, 2003, 2015, 2022) ਲਾਗੂ ਰਹਿਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿੱਖ ਸ਼ਹੀਦ ਅਤੇ ਜਰਨੈਲ ਸ. ਹਰੀ ਸਿੰਘ ਨਲੂਆ ’ਤੇ ਬਣਨ ਵਾਲੀ ਫ਼ਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ। ਜਥੇਦਾਰ ਨੇ ਕਿਹਾ ਕਿ ਵਪਾਰਕ ਹਿੱਤਾਂ ਲਈ ਸਿੱਖ ਨਾਇਕਾਂ ਅਤੇ ਸ਼ਹੀਦਾਂ ’ਤੇ ਫ਼ਿਲਮਾਂ ਨਹੀਂ ਬਣ ਸਕਦੀਆਂ।
ਉਨ੍ਹਾਂ ਨੇ ਭਵਿੱਖ ’ਚ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜੋ ਸੁਝਾਵਾਂ ਅਤੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ’ਚ ਠੋਸ ਨੀਤੀ ਤਿਆਰ ਕਰੇਗੀ। ਸੋਸ਼ਲ ਮੀਡੀਆ ’ਤੇ ਇਸ ਇਕੱਤਰਤਾ ਨੂੰ ਸਿੱਖ ਪਰੰਪਰਾਵਾਂ ਦੀ ਸੰਭਾਲ ਲਈ ਅਹਿਮ ਕਦਮ ਦੱਸਿਆ ਜਾ ਰਿਹਾ ਹੈ।