ਪਾਣੀ ਵਿਵਾਦ: ਹਾਈਕੋਰਟ ਨੇ ਸਟੇਟਸ ਕੋ ਦੀ ਮੰਗ ਖਾਰਜ ਕੀਤੀ, ਪੰਜਾਬ ਨੂੰ ਲੰਮੀ ਤਾਰੀਖ ਨਾਲ ਮਿਲੀ ਰਾਹਤ

ਚੰਡੀਗੜ੍ਹ (14 ਮਈ, 2025): ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੇ ਮਾਮਲੇ ਵਿੱਚ ਸਟੇਟਸ ਕੋ (ਪਹਿਲਾਂ ਵਾਲੀ ਸਥਿਤੀ ਬਣਾਈ ਰੱਖਣ) ਦੀ ਅਪੀਲ ਕੀਤੀ ਗਈ ਸੀ। ਹਾਲਾਂਕਿ, ਕੋਰਟ ਨੇ ਅਗਲੀ ਸੁਣਵਾਈ ਲਈ 30 ਮਈ ਦੀ ਤਾਰੀਖ ਪਾ ਦਿੱਤੀ, ਜਿਸ ਨਾਲ ਪੰਜਾਬ ਸਰਕਾਰ ਨੂੰ ਅਸਿੱਧੇ ਤੌਰ ’ਤੇ ਰਾਹਤ ਮਿਲ ਗਈ ਹੈ।
21 ਮਈ ਤੋਂ ਡੈਮ ਫਿਲਿੰਗ ਪੀਰੀਅਡ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਹਰਿਆਣਾ ਨੂੰ ਸਿਰਫ਼ ਰੁਟੀਨ ਪਾਣੀ ਦੀ ਸਪਲਾਈ ਹੀ ਮਿਲੇਗੀ। ਇਸ ਨਾਲ ਪੰਜਾਬ ਨੂੰ ਆਪਣੇ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਲਈ ਵਾਧੂ ਸਮਾਂ ਮਿਲ ਗਿਆ ਹੈ। ਅੱਜ ਦੀ ਸੁਣਵਾਈ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਅਤੇ ਹਰਿਆਣਾ ਨੇ ਪੰਜਾਬ ਦੀ ਰਿਵਿਊ ਪਟੀਸ਼ਨ ਦਾ ਜਵਾਬ ਦੇਣ ਲਈ ਵਾਧੂ ਸਮੇਂ ਦੀ ਮੰਗ ਕੀਤੀ।