ਮੱਧ ਪ੍ਰਦੇਸ਼ ਹਾਈਕੋਰਟ ਦਾ ਸਖ਼ਤ ਰੁਖ: ਮੰਤਰੀ ਵਿਜੈ ਸ਼ਾਹ ਵਿਰੁੱਧ ਕਰਨਲ ਸੋਫੀਆ ਕੁਰੈਸ਼ੀ ’ਤੇ ਟਿੱਪਣੀ ਲਈ FIR ਦੇ ਹੁਕਮ

ਜਬਲਪੁਰ (14 ਮਈ, 2025): ਮੱਧ ਪ੍ਰਦੇਸ਼ ਹਾਈਕੋਰਟ ਨੇ ਸੂਬੇ ਦੇ ਕੈਬਨਿਟ ਮੰਤਰੀ ਵਿਜੈ ਸ਼ਾਹ ਦੇ ਕਰਨਲ ਸੋਫੀਆ ਕੁਰੈਸ਼ੀ ’ਤੇ ਦਿੱਤੇ ਵਿਵਾਦਿਤ ਬਿਆਨ ’ਤੇ ਸਖ਼ਤ ਰੁਖ ਅਪਣਾਇਆ ਹੈ। ਜਸਟਿਸ ਅਤੁਲ ਸ਼੍ਰੀਧਰਨ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਸਵੈ-ਸੰਗਿਆਨ (ਸੁਓ ਮੋਟੋ) ਲੈਂਦਿਆਂ ਰਾਜ ਦੇ ਪੁਲਿਸ ਮਹਾਨਿਰਦੇਸ਼ਕ (DGP) ਨੂੰ 4 ਘੰਟਿਆਂ ਦੇ ਅੰਦਰ ਵਿਜੈ ਸ਼ਾਹ ਵਿਰੁੱਧ FIR ਦਰਜ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਇਸ ਮਾਮਲੇ ਵਿੱਚ ਰਾਜ ਦੇ ਮਹਾਧਿਵਕਤਾ ਪ੍ਰਸ਼ਾਂਤ ਸਿੰਘ ਨੂੰ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ FIR ਦਰਜ ਹੋਣੀ ਚਾਹੀਦੀ ਹੈ। ਵਿਜੈ ਸ਼ਾਹ ਨੇ ਇੱਕ ਸਭਾ ਵਿੱਚ ਕਰਨਲ ਸੋਫੀਆ ਕੁਰੈਸ਼ੀ ਦਾ ਨਾਂ ਲਏ ਬਿਨਾਂ ਪਾਕਿਸਤਾਨੀ ਅੱਤਵਾਦੀਆਂ ਬਾਰੇ ਕਿਹਾ ਸੀ, “ਅਸੀਂ ਉਨ੍ਹਾਂ ਦੀ ਭੈਣ ਭੇਜ ਕੇ ਉਨ੍ਹਾਂ ਦੀ ਐਸੀ-ਤੈਸੀ ਕਰਵਾਈ।”
ਕਰਨਲ ਸੋਫੀਆ ਕੁਰੈਸ਼ੀ ਨੇ ਆਪਰੇਸ਼ਨ ਸਿੰਦੂਰ ਦੌਰਾਨ ਮੀਡੀਆ ਬ੍ਰੀਫਿੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸ਼ਾਹ ਦੇ ਇਸ ਬਿਆਨ ਨੂੰ ਵਿਆਪਕ ਨਿੰਦਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗ ਲਈ। ਸੋਸ਼ਲ ਮੀਡੀਆ ’ਤੇ ਇਸ ਬਿਆਨ ਨੂੰ ਸੰਗਤ ਨੇ ‘ਫੌਜ ਦਾ ਅਪਮਾਨ’ ਦੱਸਿਆ।