ਜਸਕਰਨ ਸਿੰਘ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ

ਸ੍ਰੀ ਅੰਮ੍ਰਿਤਸਰ (14 ਮਈ, 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੂਚਨਾ ਤਕਨਾਲੋਜੀ ਵਿਭਾਗ ਵਿੱਚ ਪਿਛਲੇ ਚਾਰ ਸਾਲਾਂ ਤੋਂ ਲੇਖਕ ਵਜੋਂ ਸੇਵਾਵਾਂ ਨਿਭਾਅ ਰਹੇ ਸ. ਜਸਕਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ। ਜਥੇਦਾਰ ਨੇ ਬੀਤੇ ਦਿਨ ਜਸਕਰਨ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਇਹ ਸੇਵਾ ਸੌਂਪੀ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਚੰਡੀਗੜ੍ਹ ਦੇ ਵਸਨੀਕ ਹਨ ਅਤੇ ਉਨ੍ਹਾਂ ਦਾ ਪਿਛੋਕੜ ਮੀਡੀਆ ਨਾਲ ਜੁੜਿਆ ਹੈ। ਉਨ੍ਹਾਂ ਨੇ ਪੱਤਰਕਾਰੀ, ਜਨ ਸੰਚਾਰ, ਅਤੇ ਮੀਡੀਆ ਤਕਨਾਲੋਜੀ ਵਿੱਚ ਗ੍ਰੈਜੂਏਸ਼ਨ ਅਤੇ ਮਾਸਟਰ ਡਿਗਰੀ ਹਾਸਲ ਕੀਤੀ ਹੈ। SGPC ਵਿੱਚ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਜਸਕਰਨ ਸਿੰਘ 2014 ਤੋਂ ਇੱਕ ਅੰਗ੍ਰੇਜ਼ੀ ਅਖ਼ਬਾਰ ਵਿੱਚ ਪੱਤਰਕਾਰ ਵਜੋਂ ਕੰਮ ਕਰ ਰਹੇ ਸਨ।
ਇਸ ਮੌਕੇ ਸਕੱਤਰੇਤ ਦੇ ਸਹਾਇਕ ਇੰਚਾਰਜ ਸ. ਜਸਵੀਰ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ। ਸੋਸ਼ਲ ਮੀਡੀਆ ’ਤੇ ਸੰਗਤ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਜਸਕਰਨ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।