ਢੱਡਰੀਆਂਵਾਲੇ ਨੇ ਪੰਜ ਸਿੰਘ ਸਾਹਿਬਾਨ ਸਾਹਮਣੇ ਮੁਆਫ਼ੀ ਮੰਗੀ, ਪ੍ਰਚਾਰ ਰੋਕ ਹਟੀ

ਅੰਮ੍ਰਿਤਸਰ (21 ਮਈ, 2025): ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਸਾਹਮਣੇ ਪੇਸ਼ ਹੋ ਕੇ ਆਪਣੀਆਂ ਪੁਰਾਣੀਆਂ ਬਿਆਨਬਾਜ਼ੀਆਂ ਲਈ ਮੁਆਫ਼ੀ ਮੰਗੀ। ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੁਆਫ਼ੀ ਨੂੰ ਪ੍ਰਵਾਨ ਕਰਦਿਆਂ ਢੱਡਰੀਆਂਵਾਲੇ ’ਤੇ ਪਹਿਲਾਂ ਲੱਗੀ ਪ੍ਰਚਾਰ ਦੀ ਰੋਕ ਹਟਾ ਦਿੱਤੀ।

ਮਤਾ ਨੰਬਰ ੦੧
ਅੱਜ ਮਿਤੀ ੦੮ ਜੇਠ ਨਾਨਕਸ਼ਾਹੀ ਸੰਮਤ ੫੫੭ ਮੁਤਾਬਿਕ 21 ਮਈ 2024 ਦਿਨ ਬੁੱਧਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉੱਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਪਾਸੋਂ ਖਿਮਾ ਜਾਚਨਾ ਕੀਤੀ ਗਈ ਹੈ। ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਚਨਾ ਦੇ ਤਹਿਤ ਪੁੱਜੇ ਪੱਖ ਨੂੰ ਪ੍ਰਵਾਨ ਕਰਦਿਆਂ ਅਗਾਂਹ ਤੋਂ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਇਤ ਸਿੱਖ ਰਹਿਤ ਮਰਯਾਦਾ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ। ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਗੁਰੂ ਅਸਥਾਨ ਸਿੱਖ ਜੀਵਨ ਜਾਚ ਨੂੰ ਘੜ੍ਹਣ ਦੇ ਸੋਮੇ ਹਨ, ਗੁਰੂ ਸਾਹਿਬ ਵੱਲੋਂ ਆਪ ਬਣਵਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਇਸ ਲਈ ਗੁਰੂ ਦੇ ਸਰੋਵਰਾਂ ਵਿਰੁੱਧ ਕੋਈ ਬਿਆਨੀ ਨਾ ਕੀਤੀ ਜਾਵੇ। ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰੂ ਇਤਿਹਾਸ ਸੁਣਾਇਆ ਜਾਵੇ। ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਕਰਨ ਦੇ ਉਪਰਾਲੇ ਹੀ ਚੇਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿਜੀ ਟਿੱਪਣੀ ਨਾ ਕੀਤੀ ਜਾਵੇ। ਇਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਰੋਕ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹਟਾਈ ਜਾਂਦੀ ਹੈ ਅਤੇ ਜੇਕਰ ਇਨ੍ਹਾਂ ਨੂੰ ਪ੍ਰਚਾਰ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਕਰ ਸਕਦੇ ਹਨ।
ਜਥੇਦਾਰ ਨੇ ਢੱਡਰੀਆਂਵਾਲੇ ਨੂੰ ਸਿੱਖ ਸੰਗਤਾਂ ਵਿੱਚ ਗੁਰਬਾਣੀ ਪ੍ਰਚਾਰ ਦੀ ਆਗਿਆ ਦਿੱਤੀ ਅਤੇ 501 ਰੁਪਏ ਦੀ ਦੇਗ ਕਰਾਉਣ ਦੇ ਆਦੇਸ਼ ਜਾਰੀ ਕੀਤੇ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ।