‘ਆਪ’ ਪੂਰੀ, ਕਾਂਗਰਸ ਅੱਧੀ ਭਗੌੜੀ: ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ’ਚ 4 ਖਾਲੀ ਕੁਰਸੀਆਂ ਰੜਕੀਆਂ- ਦੀਪਕ ਸ਼ਰਮਾ ਚਨਾਰਥਲ

ਚੰਡੀਗੜ੍ਹ, 18 ਜੁਲਾਈ, 2025 (ਦੀਪਕ ਸ਼ਰਮਾ ਚਨਾਰਥਲ) ‘ਆਪ’ ਪੂਰੀ ਤੇ ਕਾਂਗਰਸ ਅੱਧੀ ਭਗੌੜੀ : ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੀ ਗਈ ਸਰਬਦਲੀ ਬੈਠਕ ਵਿਚ ਇਹ 4 ਖਾਲੀ ਕੁਰਸੀਆਂ ਰੜਕਦੀਆਂ ਰਹੀਆਂ। ਅੱਧ ਤੋਂ ਜ਼ਿਆਦਾ ਬੈਠਕ ਬੀਤਣ ਤੋਂ ਬਾਅਦ ਐਸਕੇਐਮ ਦੇ ਨੁਮਾਇੰਦਿਆਂ ਵਲੋਂ ਸੱਤਾਧਾਰੀ ਧਿਰ ‘ਆਪ’ ਤੇ ਵਿਰੋਧੀ ਧਿਰ ਕਾਂਗਰਸ ਨੂੰ ਗੈਰਹਾਜ਼ਰ ਵੀ ਗਰਦਾਨ ਦਿੱਤਾ ਗਿਆ, ਕਿਉਂਕਿ ਬੈਠਕ ਦਾ ਤੈਅ ਸਮਾਂ 11 ਵਜੇ ਸੀ, ਪਰ ਬੈਠਕ ਸਾਢੇ 11 ਵਜੇ ਸ਼ੁਰੂ ਹੋਈ ਤੇ ਕਰੀਬ 1 ਵਜੇ ਤੋਂ ਬਾਅਦ ਤੱਕ ਇਨ੍ਹਾਂ ਦੋਵਾਂ ਪਾਰਟੀਆਂ ਦੇ ਨੁਮਾਇੰਦੇ ਨਹੀਂ ਪਹੁੰਚੇ ਸਨ।

ਸਵਾ 1 ਦੇ ਲਾਗੇ-ਪਾਸੇ ਕਾਂਗਰਸ ਦੇ ਦੋ ਨੁਮਾਇੰਦੇ ਪਹੁੰਚੇ, ਜਦੋਂ ਪੌਣੀ ਤੋਂ ਵੱਧ ਬੈਠਕ ਮੁਕੰਮਲ ਹੋ ਚੁੱਕੀ ਸੀ। ਜਦੋਂ ਕਿ ਆਮ ਆਦਮੀ ਪਾਰਟੀ ਤਾਂ ਪੂਰੀ ਤਰ੍ਹਾਂ ਭਗੌੜੀ ਹੀ ਹੋ ਗਈ। ਲੈਂਡ ਪੂਲਿੰਗ ਪਾਲਿਸੀ ਦੇ ਨਾਲ-ਨਾਲ ਪਾਣੀਆਂ ਦੇ ਮਸਲੇ, ਵਪਾਰ ਸਮਝੌਤੇ ਤੇ ਸਹਿਕਾਰਤਾ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਇਹ ਸਰਬਦਲੀ ਬੈਠਕ ਬੁਲਾਈ ਗਈ ਸੀ। ਸੋ ਇਸ ਬੈਠਕ ਵਿਚ ਦੁਪਹਿਰ 1 ਵਜੇ ਤੱਕ ਖਾਲੀ ਰੜਕਦੀਆਂ ਰਹੀਆਂ ਇਹ 4 ਕੁਰਸੀਆਂ ਦੀਆਂ ਫੋਟੋਆਂ ਮੈਂ ਜਨਤਕ ਕਰ ਰਿਹਾ ਹਾਂ। ਸਮਝ ਨਹੀਂ ਆਈ ਕਿ ਵਿਰੋਧੀ ਧਿਰ ਨੇ ਦੇਰ ਨਾਲ ਆਉਣ ਦਾ ਫੈਸਲਾ ਇਸ ਲਈ ਕੀਤਾ ਕਿ ਪਹਿਲਾਂ ਉਨ੍ਹਾਂ ਲਾਈਵ ਦੇਖਿਆ ਫਿਰ ਫਜੀਅਤ ਤੋਂ ਬਚਣ ਲਈ ਆਏ ਜਾਂ ਕੋਈ ਹੋਰ ਕਾਰਨ ਸੀ। ਪਰ ਜਿਸ ਪਾਰਟੀ ਦੇ ਹੱਥ ਪੰਜਾਬ ਦੀ ਡੋਰ ਹੈ, ਉਹ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੈਠਕ ਵਿਚ ਹਾਜ਼ਰ ਨਹੀਂ ਹੋਇਆ,

ਉਸ ਸਮੇਂ ਤੱਕ ਤਾਂ ਬਿਲਕੁਲ ਵੀ ਨਹੀਂ, ਜਦੋਂ ਮੈਂ ਫੋਟੋਆਂ ਜਨਤਕ ਕਰ ਰਿਹਾ ਹਾਂ। ਪੰਜਾਬ ਦੇ ਮਸਲਿਆਂ ਲਈ ਸੱਤਾਧਾਰੀ ਧਿਰ ਖੁੱਲ੍ਹੀ ਚਰਚਾ ਤੋਂ ਕਿਉਂ ਭਗੌੜੀ ਹੈ ਤੇ ਵਿਰੋਧੀ ਧਿਰ ਰਤਾ ਵੀ ਗੰਭੀਰ ਕਿਉਂ ਨਹੀਂ ਹੈ। ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਚਲੋ ਭਗੌੜੇ ਤਾਂ ਭਗੌੜੇ ਹਨ, ਲੱਭਦੇ ਰਹੋ। ਪੰਜਾਬ ਦਾ ਰੱਬ ਰਾਖਾ