ਸੁਪਰੀਮ ਕੋਰਟ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਭੇਜਿਆ ਨੋਟਿਸ: ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਕਸ਼ਮੀਰ ਨੂੰ ਜਾਰੀ ਕੀਤੇ ਨੋਟਿਸ

ਨਵੀਂ ਦਿੱਲੀ, 4 ਸਤੰਬਰ 2025 ਸੁਪਰੀਮ ਕੋਰਟ ਨੇ ਹੜ੍ਹਾਂ ਅਤੇ ਲੈਂਡਸਲਾਈਡਿੰਗ ਦੇ ਮੁੱਦੇ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਕੇਂਦਰ ਸਰਕਾਰ ਤੇ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਨੋਟਿਸ ਜਾਰੀ ਕੀਤੇ ਹਨ। ਚੀਫ ਜਸਟਿਸ ਬੀ.ਆਰ. ਗਵਾਈ ਅਤੇ ਜਸਟਿਸ ਕੇ. ਵਿਨੋਦ ਚੰਦਰਾਨ ਵਾਲੀ ਬੈਂਚ ਨੇ ਇੱਕ ਪੀਆਈਐਲ ਤੇ ਸੁਣਵਾਈ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੱਕੜ ਦੇ ਬਲਾਕ ਆਏ ਨਜ਼ਰ ਆ ਰਹੇ ਹਨ, ਜੋ ਗੈਰ ਕਾਨੂੰਨੀ ਲੱਕੜ ਕਟਾਈ ਦਾ ਸੰਕੇਤ ਹੈ। ਕੋਰਟ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਰਿਆਣਾ ਨੂੰ ਵੇਰਵੇ ਮੰਗੇ ਹਨ ਅਤੇ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।
ਕੋਰਟ ਨੇ ਕਿਹਾ ਕਿ ਅਣਵੀਰੋਧੀ ਵਿਕਾਸ ਅਤੇ ਵਾਤਾਵਰਣ ਸੰਭਾਲ ਵਿੱਚ ਤਾਲਮੇਲ ਨਾ ਹੋਣ ਕਾਰਨ ਹੀ ਅਜਿਹੀ ਤਬਾਹੀ ਹੋ ਰਹੀ ਹੈ। ਇਹ ਨੋਟਿਸ ਯੂਨੀਅਨ ਮਿਨਿਸਟਰੀ ਆਫ਼ ਐਨਵਾਇਰਨਮੈਂਟ, ਫਾਰੈਸਟ ਐਂਡ ਕਲਾਈਮੇਟ ਚੇਂਜ, ਐੱਨਐੱਚਏਆਈ ਅਤੇ ਐੱਨਡੀਐੱਮਏ ਨੂੰ ਵੀ ਜਾਰੀ ਕੀਤੇ ਗਏ ਹਨ। ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਰਾਹਤੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹੜ੍ਹਾਂ ਨੇ ਪੰਜਾਬ ਵਿੱਚ 3.5 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹਿਮਾਚਲ ਵਿੱਚ 340 ਤੋਂ ਵੱਧ ਮੌਤਾਂ ਹੋਈਆਂ ਹਨ। ਕੋਰਟ ਨੇ ਇਸ ਨੂੰ ਬਹੁਤ ਗੰਭੀਰ ਮਾਮਲਾ ਦੱਸਿਆ ਹੈ।