ਇੰਟਰਨੈਸ਼ਨਲ ਪੰਥਕ ਦਲ ਨੇ ਭਾਈ ਮਨਦੀਪ ਸਿੰਘ ਨੂੰ ਹਮਾਇਤ ਦਿੱਤੀ: ਤਰਨਤਾਰਨ ਜ਼ਿਮਨੀ ਚੋਣ ਨੂੰ ਨਿਆਂ ਅਤੇ ਪੰਥਕ ਏਕਤਾ ਦੀ ਲੜਾਈ ਦੱਸਿਆ

ਜਲੰਧਰ, 13 ਅਕਤੂਬਰ 2025: (ਆਵਾਜ਼ ਬਿਊਰੋ ) ਅਕਾਲੀ ਦਲ ‘ਵਾਰਸ ਪੰਜਾਬ ਦੇ’ ਜਥੇਬੰਦੀ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਇੰਟਰਨੈਸ਼ਨਲ ਪੰਥਕ ਦਲ ਹਮਾਇਤ ਦੇਵੇਗਾ। ਇਹ ਜਾਣਕਾਰੀ ਅੱਜ ਇੱਥੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਬੁਲਾਰਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਦਿੱਤੀ ਗਈ। ਭਾਈ ਮਨਦੀਪ ਸਿੰਘ ਜੋ ਉਮੀਦਵਾਰ ਐਲਾਨੇ ਗਏ ਹਨ, ਭਾਈ ਸੰਦੀਪ ਸਿੰਘ ਸੰਨੀ ਦੇ ਵੱਡੇ ਭਰਾ ਹਨ। ਭਾਈ ਸੰਦੀਪ ਸਿੰਘ ਸੰਨੀ 2022 ਦੇ ਬਹੁਚਰਚਿਤ ਸੁਧੀਰ ਸੂਰੀ ਕਤਲ ਮਾਮਲੇ ਵਿੱਚ ਇਸ ਵੇਲੇ ਜੇਲ੍ਹ ‘ਚ ਨਜ਼ਰਬੰਦ ਹਨ। ਬਾਬਾ ਜੱਸੋਵਾਲ ਨੇ ਕਿਹਾ ਕਿ ਤਰਨ ਤਾਰਨ ਦੀ ਇਹ ਜ਼ਿਮਨੀ ਚੋਣ ਇਕ ਸਿਆਸੀ ਚੋਣ ਨਹੀਂ, ਸਗੋਂ ਸੱਚਾਈ, ਇਨਸਾਫ ਲਈ ਤੇ ਜਬਰ-ਜੁਲਮ ਦੇ ਖਿਲਾਫ ਲੜਾਈ ਹੈ ਅਤੇ ਇਹ ਫੈਸਲਾ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਕਰਨ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਲਈ ਭਾਈ ਮਨਦੀਪ ਸਿੰਘ ਨੂੰ ਹਮਾਇਤ ਦੇਣੀ ਸਮੇਂ ਦੀ ਲੋੜ ਹੈ।