Ajnala city gets a big gift, MLA Kuldeep Singh Dhaliwal inaugurates CCTV cameras and bypass
ਅਜਨਾਲਾ ਸ਼ਹਿਰ ਨੂੰ ਮਿਲੀ ਵੱਡੀ ਸੌਗਾਤ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸੀਸੀਟੀਵੀ ਕੈਮਰੇ ਤੇ ਬਾਈਪਾਸ ਦਾ ਉਦਘਾਟਨ

ਅਜਨਾਲਾ ਸ਼ਹਿਰ ਦੇ ਵਿਕਾਸ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਅੰਦਰ ਲੱਗਣ ਜਾ ਰਹੇ ਸੀਸੀਟੀਵੀ ਕੈਮਰਿਆਂ, ਨਵੀਂ ਤਿਆਰ ਕੀਤੀਆਂ ਗਲੀਆਂ ਅਤੇ ਬਾਈਪਾਸ ਦਾ ਵਿਧੀਵਤ ਉਦਘਾਟਨ ਕੀਤਾ। ਇਸ ਮੌਕੇ ਇਲਾਕੇ ਦੇ ਕਈ ਪ੍ਰਮੁੱਖ ਨਾਗਰਿਕ, ਪਾਰਟੀ ਵਰਕਰ ਅਤੇ ਅਧਿਕਾਰੀ ਮੌਜੂਦ ਰਹੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਦੇ 122 ਅਹਿਮ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਪੂਰਾ ਕੰਟਰੋਲ ਥਾਣਾ ਅਜਨਾਲਾ ਵਿੱਚ ਰਹੇਗਾ। ਉਨ੍ਹਾਂ ਕਿਹਾ ਕਿ ਇਹ ਉਹ ਵਾਅਦਾ ਸੀ ਜੋ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਗਿਆ ਸੀ ਅਤੇ ਹੁਣ ਉਸਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੇ ਲੱਗਣ ਨਾਲ ਸ਼ਹਿਰ ਵਿੱਚ ਅਪਰਾਧਕ ਘਟਨਾਵਾਂ ’ਤੇ ਨਕੈਲ ਕੱਸੇਗੀ ਅਤੇ ਨਾਲ ਹੀ ਟਰੈਫਿਕ ਵਿਵਸਥਾ ਵੀ ਸੁਧਰੇਗੀ। ਪੁਲਿਸ ਵੱਲੋਂ ਕੈਮਰਿਆਂ ਦੀ ਮਦਦ ਨਾਲ ਟਰੈਫਿਕ ’ਤੇ ਨਿਗਰਾਨੀ ਰੱਖੀ ਜਾਵੇਗੀ, ਜਿਸ ਨਾਲ ਹਾਦਸਿਆਂ ਅਤੇ ਟਰੈਫਿਕ ਜਾਮ ਦੀ ਸਮੱਸਿਆ ਨੂੰ ਘਟਾਇਆ ਜਾ ਸਕੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਅਜਨਾਲਾ ਸ਼ਹਿਰ ਲਈ 6 ਕਰੋੜ 68 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਬਾਈਪਾਸ ਵੀ ਲੋਕ ਅਰਪਣ ਕੀਤਾ ਗਿਆ ਹੈ। ਇਸ ਬਾਈਪਾਸ ਨਾਲ ਸ਼ਹਿਰ ਅੰਦਰੋਂ ਲੰਘਣ ਵਾਲੀ ਭਾਰੀ ਟਰੈਫਿਕ ਡਾਇਵਰਟ ਹੋਵੇਗੀ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਅੰਤ ਵਿੱਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੋਕ-ਹਿਤੈਸ਼ੀ ਪ੍ਰੋਜੈਕਟ ਲਿਆਂਦੇ ਜਾਣਗੇ।
