“What I said in Davos, I meant it” — Prime Minister Mark Carney
ਡਾਵੋਸ ਵਿੱਚ ਜੋ ਕਿਹਾ, ਉਹੀ ਮੇਰਾ ਮਤਲਬ ਸੀ” — ਪ੍ਰਧਾਨ ਮੰਤਰੀ ਮਾਰਕ ਕਾਰਨੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਦਾਅਵਾ ਸਪਸ਼ਟ ਤੌਰ ’ਤੇ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਡਾਵੋਸ ਵਿੱਚ ਕੀਤੀਆਂ ਆਪਣੀਆਂ ਟਿੱਪਣੀਆਂ ਤੋਂ ਪਿੱਛੇ ਹਟ ਕੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਦੌਰਾਨ ਕੋਈ ਵੱਖਰਾ ਰੁਖ਼ ਅਪਣਾਇਆ ਹੋਵੇ।
ਪ੍ਰਧਾਨ ਮੰਤਰੀ ਕਾਰਨੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ,
“ਡਾਵੋਸ ਵਿੱਚ ਮੈਂ ਜੋ ਕਿਹਾ, ਉਹੀ ਮੇਰਾ ਮਤਲਬ ਸੀ।”
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉਨ੍ਹਾਂ ਨੂੰ ਫ਼ੋਨ ਕੀਤਾ ਗਿਆ ਸੀ ਅਤੇ ਦੋਵੇਂ ਆਗੂਆਂ ਵਿਚਕਾਰ “ਬਹੁਤ ਹੀ ਸਕਾਰਾਤਮਕ ਅਤੇ ਰਚਨਾਤਮਕ ਗੱਲਬਾਤ” ਹੋਈ। ਇਸ ਗੱਲਬਾਤ ਦੌਰਾਨ ਆਰਕਟਿਕ ਸੁਰੱਖਿਆ, ਯੂਕਰੇਨ ਸੰਕਟ ਅਤੇ ਵੇਨੇਜ਼ੁਏਲਾ ਦੀ ਮੌਜੂਦਾ ਸਥਿਤੀ ਵਰਗੇ ਮਹੱਤਵਪੂਰਨ ਅੰਤਰਰਾਸ਼ਟਰੀ ਮਸਲਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਵੀ ਸਮਝਾਇਆ ਕਿ ਕੈਨੇਡਾ ਦੁਨੀਆ ਭਰ ਵਿੱਚ ਨਵੇਂ ਅੰਤਰਰਾਸ਼ਟਰੀ ਭਾਈਚਾਰੇ ਬਣਾਉਣ ਵੱਲ ਗੰਭੀਰਤਾ ਨਾਲ ਅੱਗੇ ਵੱਧ ਰਿਹਾ ਹੈ। ਇਸਦੇ ਨਾਲ ਹੀ ਚੀਨ ਨਾਲ ਕੈਨੇਡਾ ਦੇ ਵਪਾਰਕ ਬੰਦੋਬਸਤ ਬਾਰੇ ਵੀ ਗੱਲ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਉਹ ਪਹਿਲਾ ਦੇਸ਼ ਸੀ, ਜਿਸਨੇ ਅਮਰੀਕੀ ਵਪਾਰ ਨੀਤੀ ਵਿੱਚ ਟਰੰਪ ਵੱਲੋਂ ਲਿਆਂਦੇ ਜਾ ਰਹੇ ਨਵੇਂ ਰੁਖ਼ ਨੂੰ ਸਮੇਂ ਸਿਰ ਸਮਝਿਆ ਅਤੇ ਕੈਨੇਡਾ ਇਸਦਾ ਜਵਾਬ “ਸਕਾਰਾਤਮਕ ਅਤੇ ਹਾਂ-ਪੱਖੀ ਤਰੀਕੇ ਨਾਲ” ਦੇ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤ ਦੌਰਾਨ ਕੈਨੇਡਾ ਵੱਲੋਂ ਹੋਰ ਦੇਸ਼ਾਂ ਨਾਲ ਕੀਤੇ ਜਾ ਰਹੇ 12 ਨਵੇਂ ਵਪਾਰਕ ਅਤੇ ਰਣਨੀਤਕ ਸਮਝੌਤਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਭਵਿੱਖ ਦੀ ਦਿਸ਼ਾ ’ਤੇ ਵਿਚਾਰ ਹੋਇਆ।
ਇਸ ਤੋਂ ਇਲਾਵਾ, ਆਉਣ ਵਾਲੀ CUSMA (ਅਮਰੀਕਾ-ਕੈਨੇਡਾ-ਮੈਕਸੀਕੋ ਮੁਫ਼ਤ ਵਪਾਰ ਸਮਝੌਤਾ) ਦੀ ਸਮੀਖਿਆ ਵੀ ਗੱਲਬਾਤ ਦਾ ਕੇਂਦਰੀ ਵਿਸ਼ਾ ਰਹੀ। ਕਾਰਨੀ ਨੇ ਕਿਹਾ ਕਿ ਕੈਨੇਡਾ ਇਸ ਸਮੀਖਿਆ ਨੂੰ ਅਮਰੀਕਾ ਨਾਲ ਨਵੇਂ ਅਤੇ ਮਜ਼ਬੂਤ ਰਿਸ਼ਤੇ ਬਣਾਉਣ ਲਈ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖ ਰਿਹਾ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਵੇਂ ਜਨਤਕ ਬਿਆਨਾਂ ਵਿੱਚ ਕਈ ਵਾਰ ਤੀਖ਼ਾਪਣ ਨਜ਼ਰ ਆਉਂਦਾ ਹੈ, ਪਰ ਹਕੀਕਤ ਵਿੱਚ ਦੋਵੇਂ ਦੇਸ਼ਾਂ ਦੇ ਆਗੂ ਆਪਸੀ ਸਲਾਹ-ਮਸ਼ਵਰੇ ਨਾਲ ਅੱਗੇ ਵੱਧ ਰਹੇ ਹਨ ਅਤੇ ਰਣਨੀਤਕ ਨਿਸ਼ਾਨੇ ਕੁਝ ਹੋਰ ਹੀ ਹਨ।
