Gobind Singh Apologizes to Sangat Over Chaur Sahib Controversy at Wedding
ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਨੇ ਸੰਗਤ ਤੋਂ ਮੰਗੀ ਮੁਆਫ਼ੀ

1 ਫਰਵਰੀ 2026, ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਬਿੰਦ ਸਿੰਘ ਨੇ ਵਿਆਹ ਸਮੇਂ ਚੌਰ ਸਾਹਿਬ ਝੱਲਣ ਵਾਲੀਆਂ ਤਸਵੀਰਾਂ ਕਾਰਨ ਖੜ੍ਹੇ ਹੋਏ ਵਿਵਾਦ ‘ਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਬਾਅਦ ਸੰਗਤ ਵੱਲੋਂ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸਨ।
ਗੋਬਿੰਦ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਅਣਜਾਣੇ ਵਿੱਚ ਹੋਈ ਭੁੱਲ ਸੀ ਅਤੇ ਛਤਰ ਝੁਲਾਉਣਾ ਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਰਸਮ ਨੂੰ ਗੁਰੂ ਸਾਹਿਬਾਨ ਜੀ ਦੀ ਸਦੀਵੀ ਮਹਾਨਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਨਾਲ ਬਰਾਬਰ ਨਹੀਂ ਸਮਝਿਆ ਜਾਣਾ ਚਾਹੀਦਾ। ਗੋਬਿੰਦ ਸਿੰਘ ਨੇ ਕਿਹਾ ਕਿ ਉਹ ਸਿੱਖੀ ਮਰਿਆਦਾ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਇਸ ਘਟਨਾ ਨੂੰ ਗਲਤਫਹਿਮੀ ਵਜੋਂ ਵੇਖਣ ਦੀ ਅਪੀਲ ਕੀਤੀ ਹੈ।
ਇਸ ਬਿਆਨ ਤੋਂ ਬਾਅਦ ਕੁਝ ਸਿੱਖ ਸੰਗਤ ਨੇ ਇਸ ਨੂੰ ਸਹੀ ਕਦਮ ਦੱਸਿਆ ਹੈ ਜਦਕਿ ਕਈਆਂ ਨੇ ਅਜੇ ਵੀ ਸਖ਼ਤ ਟਿੱਪਣੀਆਂ ਕੀਤੀਆਂ ਹਨ। ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਜਾਰੀ ਹੈ ਅਤੇ ਸਿੱਖ ਆਗੂਆਂ ਨੇ ਮਰਿਆਦਾ ਦੀ ਰਾਖੀ ਲਈ ਜਾਗਰੂਕਤਾ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
