Jathedar Akal Takht Issues Strict Directive on 328 Saroops Case
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਮਾਮਲੇ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜ਼ਰੂਰੀ ਆਦੇਸ਼

2 ਫਰਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ‘ਤੇ ਇੱਕ ਜ਼ਰੂਰੀ ਆਦੇਸ਼ ਜਾਰੀ ਕਰਦਿਆਂ ਸਬੰਧਤ ਸਾਰੀਆਂ ਧਿਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਜਥੇਦਾਰ ਨੇ ਯਾਦ ਕਰਵਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਅਤੇ ਇਸ ਮਾਮਲੇ ਵਿੱਚ ਸਿੱਖ ਭਾਵਨਾਵਾਂ ਨਾਲ ਜੁੜੀਆਂ ਗੱਲਾਂ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਵੇਖਿਆ ਜਾਂਦਾ ਹੈ।

ਪਿਛਲੇ ਦਿਨੀਂ ਅਕਾਲ ਤਖਤ ਵੱਲੋਂ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ ਵਿੱਚ ਕੋਈ ਵੀ ਧਿਰ ਸਿਆਸਤ, ਦੂਸ਼ਣਬਾਜ਼ੀ, ਕਾਹਲੀ ਜਾਂ ਬਿਆਨਬਾਜ਼ੀ ਨਾ ਕਰੇ ਪਰ ਇਸ ਦੇ ਬਾਵਜੂਦ ਕੁਝ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਅਤੇ ਮੀਡੀਆ ਟ੍ਰਾਇਲ ਚਲਾਇਆ ਜਾ ਰਿਹਾ ਹੈ। ਜਥੇਦਾਰ ਨੇ ਇਸ ਨੂੰ ਅਕਾਲ ਤਖਤ ਦੀ ਹਦਾਇਤ ਦੀ ਭਾਵਨਾ ਵਿਰੁੱਧ ਦੱਸਿਆ ਅਤੇ ਕਿਹਾ ਕਿ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਧਿਰ, ਮੀਡੀਆ ਜਾਂ ਵਕੀਲਾਂ ਵੱਲੋਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਪ੍ਰੈੱਸ ਵਾਰਤਾ ਕਰਨਾ ਜਾਂ ਮੀਡੀਆ ਟ੍ਰਾਇਲ ਨੂੰ ਉਤਸ਼ਾਹਿਤ ਕਰਨਾ ਬਿਲਕੁਲ ਵੀ ਵਾਜਬ ਨਹੀਂ। ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸੰਗਤ ਵਿੱਚ ਦੁਵਿਧਾ ਪੈਦਾ ਹੁੰਦੀ ਹੈ।
ਜਥੇਦਾਰ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਵੀ ਹਦਾਇਤ ਕੀਤੀ ਕਿ ਜਾਂਚ ਦੌਰਾਨ ਲੀਕੇਜ ਨਾ ਹੋਵੇ ਅਤੇ ਜਾਂਚ ਪੜਤਾਲ ਨੂੰ ਗੁਰਮਤਿ ਅਤੇ ਸਿੱਖ ਮਰਿਆਦਾ ਦੀ ਪੂਰੀ ਸਮਝ ਵਾਲੇ ਅੰਮ੍ਰਿਤਧਾਰੀ ਸਿੱਖਾਂ ਅਧਾਰਤ ਟੀਮ ਨੂੰ ਸੌਂਪਿਆ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਵੀ ਚੇਤਾਵਨੀ ਦਿੱਤੀ ਕਿ ਸਰੂਪਾਂ ਦੇ ਦਰਸ਼ਨ ਅਤੇ ਜਾਣਕਾਰੀ ਜਨਤਕ ਕਰਨ ਵਿੱਚ ਕਾਹਲੀ ਨਾ ਕੀਤੀ ਜਾਵੇ ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਬਿਗੜ ਸਕਦੀ ਹੈ। ਜਥੇਦਾਰ ਨੇ ਸਮੂਹ ਧਿਰਾਂ ਨੂੰ ਸੰਜਮ ਰੱਖਣ ਅਤੇ ਆਦੇਸ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਅਤੇ ਸਿੱਖ ਮਰਿਆਦਾ ਦੀ ਰਾਖੀ ਹੋ ਸਕੇ।
