ਆਪਰੇਸ਼ਨ ਪ੍ਰਹਾਰ–2 ਤਹਿਤ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਛੇ ਪਿਸਤੌਲ, ਡਰੱਗ ਮਨੀ ਸਮੇਤ ਪੰਜ ਮੁੱਖ ਆਰੋਪੀ ਕਾਬੂ

ਆਪਰੇਸ਼ਨ ਪ੍ਰਹਾਰ–2 ਦੇ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਮੁਹਿੰਮ ਦੌਰਾਨ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਅਪਰਾਧੀ ਗਤੀਵਿਧੀਆਂ ਨਾਲ ਜੁੜੇ ਨੈੱਟਵਰਕਾਂ ‘ਤੇ ਸਖ਼ਤ ਕਾਰਵਾਈ ਕੀਤੀ ਗਈ। ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਚੱਲ ਰਹੀ ਚੈਕਿੰਗ ਮੁਹਿੰਮ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵੱਡੀ ਰਿਕਵਰੀ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਛੇ ਆਧੁਨਿਕ ਪਿਸਤੌਲ, ਡਰੱਗ ਮਨੀ ਸਮੇਤ ਪੰਜ ਮੁੱਖ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧੀ ਨੈੱਟਵਰਕ ਨਾਲ ਜੁੜੇ ਕ੍ਰਿਮਿਨਲ ਐਲੀਮੈਂਟਸ, ਉਹਨਾਂ ਦੇ ਸਾਥੀਆਂ, ਰਿਸ਼ਤੇਦਾਰਾਂ ਅਤੇ ਕਰਾਈਮ ਨੂੰ ਮਦਦ ਪਹੁੰਚਾਉਣ ਵਾਲੇ ਲੋਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਕੁੱਲ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਕਈ ਰਪੀਟ ਅਫੈਂਡਰ ਅਤੇ ਹਿਨਸਕ ਅਪਰਾਧਾਂ ਨਾਲ ਜੁੜੇ ਪੀਓ ਵੀ ਸ਼ਾਮਲ ਹਨ।
ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਅਜਿਹੀ ਥਾਂ ਹੈ ਜਿੱਥੋਂ ਇੰਟਰਸਟੇਟ ਕਨੈਕਟਿਵਿਟੀ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਅਪਰਾਧੀ ਇਸਨੂੰ ਅਕਸਰ ਟਰਾਂਸਪੋਰਟ ਦੇ ਮਾਧਿਅਮ ਵਜੋਂ ਵਰਤਦੇ ਹਨ। ਪਿਛਲੇ ਮਾਮਲਿਆਂ ਦੀ ਜਾਂਚ ਅਤੇ ਇੰਟਰੋਗੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਕਈ ਨਸ਼ਾ ਤਸਕਰ ਅਤੇ ਅਪਰਾਧੀ ਰੇਲ ਯਾਤਰਾ ਰਾਹੀਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਇਸੇ ਕਰਕੇ ਜੀਆਰਪੀ ਅਤੇ ਆਰਪੀਐਫ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ‘ਤੇ ਕਵਾਡਰੈਂਟ ਸਬ-ਆਪਰੇਸ਼ਨ ਚਲਾਇਆ ਗਿਆ।
ਚੈਕਿੰਗ ਦੌਰਾਨ ਸ਼ੱਕੀ ਤੌਰ ‘ਤੇ ਘੁੰਮ ਰਹੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ, ਅਨਕਲੇਮਡ ਸਮਾਨ ਦੀ ਜਾਂਚ ਹੋਈ ਅਤੇ ਸਟੇਸ਼ਨ ਪਾਰਕਿੰਗ ‘ਚ ਖੜ੍ਹੀਆਂ ਗੱਡੀਆਂ ‘ਤੇ ਖ਼ਾਸ ਨਿਗਰਾਨੀ ਰੱਖੀ ਗਈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨਾ ਅਤੇ ਅਪਰਾਧੀਆਂ ‘ਚ ਡਰ ਪੈਦਾ ਕਰਨਾ ਹੈ।
ਉਹਨਾਂ ਸਪਸ਼ਟ ਕੀਤਾ ਕਿ ਬਾਕੀ ਸਾਰੀ ਜਾਣਕਾਰੀ, ਰਿਕਵਰੀ ਅਤੇ ਗ੍ਰਿਫ਼ਤਾਰੀਆਂ ਦੇ ਵੇਰਵੇ ਸ਼ਾਮ ਨੂੰ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ ਜਾਣਗੇ। ਅੰਮ੍ਰਿਤਸਰ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

