ਰਿਹਾਈ ਬਾਅਦ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪਹੁੰਚੇ, ਗੋਲਡਨ ਗੇਟ ’ਤੇ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜੇਲ ਤੋਂ ਬਾਹਰ ਆਉਣ ਮਗਰੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਪਹੁੰਚਣ ਉਪਰੰਤ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਉਨ੍ਹਾਂ ਦਾ ਭਰਵਾਂ ਅਤੇ ਜੋਸ਼ੀਲਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਰਹੇ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਦਿਆਂ ਮਜੀਠੀਆ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਸਿੱਖ ਸੰਗਤ, ਨੌਜਵਾਨਾਂ, ਬਜ਼ੁਰਗਾਂ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸ਼ੁਰੂ ਤੋਂ ਅਖੀਰ ਤੱਕ ਨਿਮਰਤਾ ਨਾਲ ਨਤਮਸਤਕ ਹਨ ਅਤੇ ਜੇਲ ਤੋਂ ਸੁਰੱਖਿਅਤ ਬਾਹਰ ਆਉਣਾ ਸੱਚੇ ਪਾਤਸ਼ਾਹ ਦੀ ਮਿਹਰ ਅਤੇ ਲੋਕਾਂ ਦੀਆਂ ਅਰਦਾਸਾਂ ਦਾ ਨਤੀਜਾ ਹੈ। ਮਜੀਠੀਆ ਨੇ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇੱਕ “ਤਾਨਾਸ਼ਾਹੀ ਸੋਚ” ਨਾਲ ਕੰਮ ਕਰ ਰਹੀ ਹੈ, ਜਿਸਦਾ ਮਕਸਦ ਵਿਰੋਧ ਦੀ ਆਵਾਜ਼ ਨੂੰ ਦਬਾਉਣਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਪੱਤਰਕਾਰਾਂ, ਆਰਟੀਆਈ ਐਕਟੀਵਿਸਟਾਂ ਅਤੇ ਕਲਾਕਾਰਾਂ ’ਤੇ ਪਰਚੇ ਕੀਤੇ ਜਾ ਰਹੇ ਹਨ, ਉਸ ਨਾਲ ਲੋਕਤੰਤਰ ਖ਼ਤਰੇ ਵਿੱਚ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੰਭੀਰ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਨੌਜਵਾਨ ਰੋਜ਼ਗਾਰ ਦੀ ਕਮੀ ਕਾਰਨ ਪੰਜਾਬ ਛੱਡ ਕੇ ਬਾਹਰ ਜਾ ਰਹੇ ਹਨ, ਕਿਸਾਨ, ਮਜ਼ਦੂਰ ਅਤੇ ਵਪਾਰੀ ਪਰੇਸ਼ਾਨ ਹਨ। ਲਾਅ ਐਂਡ ਆਰਡਰ ਦੀ ਸਥਿਤੀ ਫੇਲ ਹੋ ਚੁੱਕੀ ਹੈ, ਪੰਜਾਬ ਲੱਖਾਂ ਕਰੋੜਾਂ ਦੇ ਕਰਜ਼ੇ ਹੇਠ ਦੱਬ ਗਿਆ ਹੈ, ਵਿਕਾਸ ਰੁਕ ਗਿਆ ਹੈ ਅਤੇ ਕਈ ਵੈਲਫੇਅਰ ਸਕੀਮਾਂ ਬੰਦ ਪਈਆਂ ਹਨ। ਬਿਕਰਮ ਸਿੰਘ ਮਜੀਠੀਆ ਨੇ ਸਪਸ਼ਟ ਕੀਤਾ ਕਿ ਪੰਜਾਬ ਆਪਣੇ ਫੈਸਲੇ ਆਪ ਕਰੇਗਾ ਅਤੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਵੀ ਰਾਤ ਦੇ ਹਨੇਰੇ ਵਿੱਚ ਸਮਝੌਤਾ ਨਹੀਂ ਕਰਨਗੇ ਅਤੇ “ਜ਼ੀਰੋ ਕੰਪ੍ਰੋਮਾਈਜ਼” ਦੀ ਨੀਤੀ ’ਤੇ ਕਾਇਮ ਰਹਿਣਗੇ। ਜੇਲ ਦੌਰਾਨ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਅਮਾਨਵੀ ਵਰਤਾਓ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਾ ਆਪਣੇ ਵਕੀਲ ਨਾਲ ਮਿਲਣ ਦਿੱਤਾ ਗਿਆ ਅਤੇ ਨਾ ਹੀ ਪਰਿਵਾਰਕ ਮੈਂਬਰਾਂ ਨਾਲ। ਸਾਢੇ ਛੇ ਮਹੀਨੇ ਤੱਕ ਉਹ ਆਪਣੇ ਬੱਚਿਆਂ ਅਤੇ ਮਾਪਿਆਂ ਨੂੰ ਨਹੀਂ ਮਿਲ ਸਕੇ। ਮਜੀਠੀਆ ਨੇ ਦਾਅਵਾ ਕੀਤਾ ਕਿ ਜੇਲ ਇੰਸਪੈਕਸ਼ਨ ਦੌਰਾਨ ਸੀਜੀਐਮ ਵੱਲੋਂ ਦਿੱਤੀ ਗਈ ਰਿਪੋਰਟ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਨ੍ਹਾਂ ਦੇ ਮੂਲ ਅਧਿਕਾਰਾਂ ਦਾ ਉਲੰਘਣ ਹੋਇਆ।
ਮਜੀਠੀਆ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀਅਤ ਅਤੇ ਸਿੱਖੀ ਦੇ ਹੱਕ ਵਿੱਚ ਡਟ ਕੇ ਖੜ੍ਹੇ ਰਹਿਣਗੇ ਅਤੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।

