ਦਿੱਲੀ ਗੁਰਦੁਆਰਾ ਕਮੇਟੀ ਵਫਦ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ

27 ਫ਼ਰਵਰੀ 2026, ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਫਦ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਪੱਖ ਰੱਖਿਆ। ਵਫਦ ਵਿੱਚ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਭੁਪਿੰਦਰ ਸਿੰਘ ਭੁੱਲਰ, ਸੁੱਖਵਿੰਦਰ ਸਿੰਘ ਬੱਬਰ ਅਤੇ ਹੋਰ ਸ਼ਾਮਲ ਸਨ।
ਮੁਲਾਕਾਤ ਬਹੁਤ ਹੀ ਸਹਿਜ ਅਤੇ ਚੰਗੇ ਮਾਹੌਲ ਵਿੱਚ ਹੋਈ ਜਿਸ ਵਿੱਚ 25 ਅਕਤੂਬਰ ਨੂੰ ਹੋਈ ਜਨਰਲ ਹਾਊਸ ਮੀਟਿੰਗ ਅਤੇ ਕਮੇਟੀ ਦੇ ਮਸਲਿਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਜਥੇਦਾਰ ਸਾਹਿਬ ਨੂੰ ਦੱਸਿਆ ਕਿ ਕਮੇਟੀ ਦੀ ਮੌਜੂਦਾ ਟੀਮ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਵੀ ਵੱਡੇ ਉਪਰਾਲੇ ਕਰ ਰਹੀ ਹੈ।
ਜਥੇਦਾਰ ਸਾਹਿਬ ਨੇ ਸਾਰੀ ਗੱਲ ਧਿਆਨ ਨਾਲ ਸੁਣਨ ਉਪਰੰਤ ਕਿਹਾ ਕਿ ਉਹ 13 ਅਪ੍ਰੈਲ (ਵਿਸਾਖੀ) ਤੋਂ ਬਾਅਦ ਦਿੱਲੀ ਦੀਆਂ ਸਾਰੀਆਂ ਧਿਰਾਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਗੇ ਦੀ ਵਿਚਾਰ ਕਰਨਗੇ। ਇਸ ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮਸਲਿਆਂ ਨੂੰ ਪੰਥਕ ਪੱਧਰ ‘ਤੇ ਹੱਲ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ। ਮੁਲਾਕਾਤ ਨੂੰ ਪੰਥਕ ਹਲਕਿਆਂ ਵਿੱਚ ਚੰਗੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।

