Body of Ranjit Singh Being Taken Home Today, Family Delays Cremation
ਰਣਜੀਤ ਸਿੰਘ ਦੀ ਲਾਸ਼ ਅੱਜ ਘਰ ਲਿਜਾਈ ਜਾ ਰਹੀ ਹੈ, ਪਰਿਵਾਰ ਨੇ ਸਸਕਾਰ ਤੱਕ ਰੋਕਿਆ

04 ਮਾਰਚ 2026, ਗੁਰਦਾਸਪੁਰ – ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆਂ ਪਿੰਡ ਵਿੱਚ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਰਣਜੀਤ ਸਿੰਘ ਦੀ ਲਾਸ਼ ਅੱਜ ਪਰਿਵਾਰ ਵੱਲੋਂ ਘਰ ਲਿਜਾਈ ਜਾ ਰਹੀ ਹੈ। ਪਰਿਵਾਰ ਨੇ ਨਿੱਜੀ ਫਰਿਜ ਦਾ ਪ੍ਰਬੰਧ ਕਰਕੇ ਲਾਸ਼ ਨੂੰ ਘਰ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਅੰਤਿਮ ਸਸਕਾਰ ਤੋਂ ਪਹਿਲਾਂ ਸਾਰੀਆਂ ਤਸੱਲੀਆਂ ਪੂਰੀਆਂ ਹੋ ਸਕਣ।
ਪਰਿਵਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਫਿਲਹਾਲ ਸਸਕਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇੱਕ ਤਾਂ ਰਣਜੀਤ ਸਿੰਘ ਦੇ ਪਿਤਾ ਦੀ ਉਡੀਕ ਕੀਤੀ ਜਾਵੇਗੀ, ਜੋ ਬਾਹਰ ਹਨ ਅਤੇ ਜਲਦੀ ਪਹੁੰਚਣ ਵਾਲੇ ਹਨ। ਦੂਜਾ ਪੋਸਟਮਾਰਟਮ ਰਿਪੋਰਟ ਅਤੇ ਹੋਰ ਜਾਂਚਾਂ ਤੋਂ ਪੂਰੀ ਤਸੱਲੀ ਹੋਣ ਮਗਰੋਂ ਹੀ ਅੰਤਿਮ ਸਸਕਾਰ ਬਾਰੇ ਵਿਚਾਰ ਕੀਤਾ ਜਾਵੇਗਾ। ਪਰਿਵਾਰ ਨੇ ਪਿਛਲੇ ਦਿਨਾਂ ਵਿੱਚ ਲਾਸ਼ ਲੈਣ ਤੋਂ ਇਨਕਾਰ ਕੀਤਾ ਸੀ ਪਰ ਹੁਣ ਘਰ ਲਿਜਾਣ ਦਾ ਫੈਸਲਾ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨੇ ਲਾਸ਼ ਸੌਂਪਣ ਲਈ ਸਹਿਯੋਗ ਕੀਤਾ ਹੈ। ਵਕੀਲਾਂ ਅਤੇ ਪਰਿਵਾਰ ਵੱਲੋਂ ਪਹਿਲਾਂ ਵੀ ਸਰੀਰ ‘ਤੇ ਮਿਲੇ ਨਿਸ਼ਾਨਾਂ ਅਤੇ ਗੋਲੀਆਂ ਦੇ ਨਿਸ਼ਾਨਾਂ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। 6 ਮਾਰਚ ਨੂੰ ਹਾਈਕੋਰਟ ਵਿੱਚ ਸੀਬੀਆਈ ਜਾਂਚ ਅਤੇ ਪੀਜੀਆਈ ਤੋਂ ਦੂਜਾ ਪੋਸਟਮਾਰਟਮ ਸਬੰਧੀ ਸੁਣਵਾਈ ਹੋਣੀ ਹੈ। ਪਰਿਵਾਰ ਅਤੇ ਸਿੱਖ ਸੰਗਠਨਾਂ ਵੱਲੋਂ ਨਿਰਪੱਖ ਜਾਂਚ ਅਤੇ ਨਿਆਂ ਦੀ ਮੰਗ ਜਾਰੀ ਹੈ।
