Jaggi Johal, Bagga and Others Produced in Court Under Heavy Security
ਜੱਗੀ ਜੋਹਲ, ਬੱਗਾ, ਸ਼ੇਰਾ ਸਮੇਤ ਬੰਦੀ ਸਿੰਘਾਂ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ

12 ਮਾਰਚ 2026, ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) – ਤਿਹਾੜ ਅਤੇ ਮੰਡੋਲੀ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ, ਅਮਨਿੰਦਰ ਸਿੰਘ, ਮਨਪ੍ਰੀਤ ਸਿੰਘ ਸਮੇਤ ਹੋਰ ਬੰਦੀ ਸਿੰਘਾਂ ਨੂੰ 8 NIA ਕੇਸਾਂ ਅਧੀਨ ਸਖ਼ਤ ਪੁਲਿਸ ਸੁਰੱਖਿਆ ਹੇਠ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਉਨ੍ਹਾਂ ਦੀ ਅਦਾਲਤ ਅੰਦਰ 65ਵੀਂ ਟ੍ਰਾਇਲ ਪੇਸ਼ੀ ਸੀ।
ਇਹ ਸਾਰੇ ਮਾਮਲੇ ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਤ ਸਨ ਪਰ NIA ਨੇ ਆਪਣੇ ਰਸੂਖ ਵਰਤ ਕੇ ਵਕੀਲਾਂ ਅਤੇ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਇਨ੍ਹਾਂ ਨੂੰ ਦਿੱਲੀ ਤਬਦੀਲ ਕਰਵਾ ਦਿੱਤਾ ਸੀ। ਅੱਜ ਦੀ ਪੇਸ਼ੀ ਵਿੱਚ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਇਸਤਗਾਸਾ ਪੱਖ (NIA) ਵੱਲੋਂ ਜੱਗੀ ਜੋਹਲ ਵਿਰੁੱਧ ਕਥਿਤ ਗਵਾਹਾਂ ਨੂੰ ਵਿਦੇਸ਼ ਵਿੱਚ ਹੋਣ ਕਾਰਨ ਤਲਬ ਕਰਨ ਵਿੱਚ ਅਸਫਲਤਾ ਰਹੀ ਹੈ। ਜੱਜ ਨੇ NIA ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੁਸ਼ਟੀ ਕਰਨ ਕਿ ਵਿਦੇਸ਼ੀ ਗਵਾਹਾਂ ਨੂੰ ਕਦੋਂ ਅਤੇ ਕਿਵੇਂ ਬੁਲਾਇਆ ਜਾਵੇਗਾ।
ਧਿਆਨ ਦੇਣ ਯੋਗ ਹੈ ਕਿ ਅੱਜ ਤੱਕ 3050 ਦਿਨ ਬੀਤ ਜਾਣ ਮਗਰੋਂ ਵੀ ਜੱਗੀ ਜੋਹਲ ਵਿਰੁੱਧ ਅਦਾਲਤ ਅੰਦਰ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ 9 ਤੋਂ 12 ਮਾਰਚ ਤੱਕ ਲਗਾਤਾਰ ਸੁਣਵਾਈਆਂ ਹੋਈਆਂ ਸਨ ਤਾਂ ਜੋ ਮਾਮਲੇ ਜਲਦੀ ਖਤਮ ਹੋ ਸਕਣ, ਪਰ ਅੱਜ ਕੋਈ ਵੀ ਗਵਾਹ ਪੇਸ਼ ਨਹੀਂ ਹੋਇਆ ਜਿਸ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਅਗਲੀ ਸੁਣਵਾਈ 25 ਮਾਰਚ 2026 ਨੂੰ ਮੁਕਰਰ ਕੀਤੀ ਗਈ ਹੈ।
ਇਹ ਮਾਮਲਾ ਸਿੱਖ ਭਾਈਚਾਰੇ ਅਤੇ ਪੰਜਾਬੀ ਸਿਆਸੀ ਬੰਦੀਆਂ ਨਾਲ ਜੁੜੇ ਮਸਲਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
