“Tash & Kabootar Bazi by Those Claiming to be Panthic Party is Anti-Gurmat: Jathedar Karnail Singh Panjoli”
“ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਤਾਸ਼ ਖੇਡਣ ਤੇ ਕਬੂਤਰ ਬਾਜ਼ੀ ਗੁਰਮਤਿ ਵਿਰੋਧੀ ਗੱਲਾਂ ਹਨ

4 ਅਪ੍ਰੈਲ 2026 ਫਤਿਹਗੜ੍ਹ ਸਾਹਿਬ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਤਰਲੋਮੱਛੀ ਹੋ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋ ਤਾਸ਼ ਖੇਡਣ ਅਤੇ ਕਬੂਤਰ ਬਾਜ਼ੀ ਦੇ ਮੁੱਕਾਬਲੇ ਕਰਾਊਣ ਦੇ ਐਲਾਨ ਗੁਰਮਤਿ ਵਿਰੋਧੀ ਗੱਲਾਂ ਹਨ । ਜਥੇਦਾਰ ਪੰਜੋਲੀ ਨੇ ਕਿਹਾ ਕਿ ਸਾਡੇ ਬਜੂਰਗਾ ਨੇ ਸ਼੍ਰੋਮਣੀ ਅਕਾਲੀ ਦੱਲ ਗੁਰਮਤਿ ਦਾ ਪ੍ਰਚਾਰ ਅਤੇ ਮਨਮਤਿ ਦਾ ਪ੍ਰਹਾਰ ਕਰਨ ਲਈ ਬਣਾਇਆ ਸੀ ਨਾ ਕਿ ਜੂਆ ਖੇਡਣ ਦੀ ਪ੍ਰੇਰਣਾ ਦੇਣ ਲਈ । ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਤੋ ਲੈ ਕੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੱਕ ਹਰ ਪ੍ਰਧਾਨ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਉਂਦੇ ਰਹੇ ਹਨ । ਗੁਰਮਤਿ ਦੇ ਰੰਗ ਵਿੱਚ ਰੰਗੇ ਹੋਏ ਇਹਨਾ ਆਗੂਆਂ ਦੀ ਅਗਵਾਈ ਵਿੱਚ ਭਾਵੇ ਸ਼੍ਰੋਮਣੀ ਅਕਾਲੀ ਦੱਲ ਦੀ ਕਦੀ ਸਰਕਾਰ ਨਹੀ ਬਣ ਸਕੀ ਪ੍ਰੰਤੂ ਸ਼੍ਰੋਮਣੀ ਅਕਾਲੀ ਦੱਲ ਹਮੇਸ਼ਾ ਚੜਦੀਆਂ ਕਲਾ ਵਿੱਚ ਰਿਹਾ ਅਤੇ ਪੰਥ ਵਿਰੋਧੀ ਸਰਕਾਰਾਂ ਅਤੇ ਪੰਥ ਵਿਰੋਧੀ ਸ਼ਕਤੀਆਂ ਨਾਲ ਹਮੇਸ਼ਾ ਟੱਕਰ ਲੈਦਾ ਰਿਹਾ ਹੈ । ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬ ਨੂੰ ਪੰਥਕ ਏਜੰਡੇ ਦੀ ਲੋੜ ਹੈ ਨਾ ਕਿ ਜੂਆ ਖੇਡਣ ਵਾਲੇ ਏਜੰਡੇ ਰਾਹੀਂ ਪੰਜਾਬ ਦੀ ਨੌਜੂਆਨ ਪੀੜੀ ਨੂੰ ਨਸੇੜੀ ਬਣਾਉਣ ਦੀ । ਸੁਖਬੀਰ ਸਿੰਘ ਬਾਦਲ ਦਾ ਇਹ ਦਾਅਵਾ ਬਿਲਕੁਲ ਖੋਖਲਾ ਹੈ ਕਿ ਮੈਂ ਕਬੱਡੀ ਕਰੋੜਾਂ ਦੀ ਕਰ ਦਿੱਤੀ ਜਦ ਕਿ ਸੱਚ ਇਹ ਹੈ ਕਿ ਇਸ ਨਾਲ ਗੈਗਸਟਰਵਾਦ ਪੈਦਾ ਹੋਇਆ ਅਤੇ ਹੁਣ ਇਸ ਖੇਡ ਨੂੰ ਮਾਫੀਆ ਗੈਂਗ ਚਲਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਕਬੱਡੀ ਮੈਚਾਂ ਦੁਰਾਨ ਮਾਵਾਂ ਦੇ ਪੁੱਤ ਇਸ ਖੇਡ ਦੀ ਭੇਟ ਵੀ ਚੜ ਰਹੇ ਹਨ । ਜਿੱਥੇ ਪੰਜਾਬ ਚਲਾ ਗਿਆ , ਇਸ ਨੂੰ ਬੇਗਮਪੁਰੇ ਵਰਗਾ ਹਲੇਮੀ ਰਾਜ ਸਥਾਪਤ ਕਰਨ ਵਾਲੇ ਏਜੰਡੇ ਦੀ ਜ਼ਰੂਰਤ ਹੈ ਨਾ ਕਿ ਲੋਕ ਲਭਾਊ ਸਕੀਮਾਂ ਰਾਹੀਂ ਇੱਕ ਖੋਖਲਾ ਰਾਜ ਸਥਾਪਤ ਕਰਨ ਦੀ । ਜਥੇਦਾਰ ਪੰਜੋਲੀ ਨੇ ਕਿਹਾ ਕਿ ਇੱਕ ਵਾਰ ਸਿੱਖਾਂ ਨੇ , ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਜੀ , ਨਸ਼ਾ ਕਿਹੜਾ ਮਾੜਾ ਹੈ , ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਭਾਈ ਨਸ਼ਾ ਤਾ ਰੋਟੀ ਦਾ ਵੀ ਮਾੜਾ ਹੈ । ਬਾਦਲ ਸਾਹਿਬ ਤਾਸ਼ ਅਤੇ ਕਬੂਤਰਬਾਜੀ ਰਾਹੀਂ ਲੋਕਾਂ ਨੁੰ ਨਸੇੜੀ ਬਣਾਕੇ ਕਿਹੜੀ ਪੰਥਕ ਸੇਵਾ ਕਰ ਰਹੇ ਹਨ । ਬੇਗਮਪੁਰੇ ਦੇ ਹਲੇਮੀ ਰਾਜ ਦਾ ਏਜੰਡਾ ਪੜੋ ਜਿਸ ਵਿੱਚ ਗੁਰਮਤਿ ਦੇ ਸਿਧਾਂਤ ਦੀ ਖੁਸਬੂ ਆਉਂਦੀ ਹੈ । ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਅਵਾ ਹੈ ਸ਼੍ਰੋਮਣੀ ਅਕਾਲੀ ਦੱਲ ਪੰਥਕ ਪਾਰਟੀ ਹੈ , ਪੰਥਕ ਪਾਰਟੀ ਦਾ ਪ੍ਰਧਾਨ ਗੁਰਮਤਿ ਵਿਰੋਧੀ ਗੱਲਾਂ ਕਰੀ ਜਾ ਰਿਹਾ ਹੈ,ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੋਟਿਸ ਲੈਣ ਦੀ ਜੁਰਅਤ ਨਹੀਂ ਕਰ ਰਹੇ । ਫਿਰ ਕੁਰਾਹੇ ਪੈ ਰਹੀ ਇਸ ਲੀਡਰਸਿੱਪ ਨੁੰ ਗੁਰਮਤਿ ਦੀ ਪੱਗਡੰਡੀ ਦੇ ਰਾਹ ਊੁੱਤੇ ਕੌਣ ਤੋਰੇਗਾ । ਨਾਮਧਾਰੀ ਠਾਕੁਰ ਦਲੀਪ ਸਿੰਘ ਲਲਕਾਰ ਲਲਕਾਰ ਕੇ ਕਹਿ ਰਿਹਾ ਹੈ ਕਿ ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਤਾ ਇੱਕ ਕਿਤਾਬ ਹੈ ਅਤੇ ਅੱਜ ਪੰਜ ਕਕਾਰਾਂ ਦੀ ਸਿੱਖਾਂ ਨੂੰ ਕੋਈ ਜ਼ਰੂਰਤ ਨਹੀਂ । ਪ੍ਰੰਤੂ ਗੜਗੱਜ ਸਾਹਿਬ ਵੋਟ ਤਵਾਜ਼ਨ ਵੇਖਦੇ ਹੋਏ ਨਾਮਧਾਰੀ ਠਾਕਰ ਦਲੀਪ ਸਿੰਘ ਵਿਰੁੱਧ ਨੋਟਿਸ ਲੈਣ ਦੀ ਦਲੇਰੀ ਨਹੀ ਕਰ ਰਹੇ । ਮੈਂਨੂੰ ਲੱਗਦਾ ਹੈ ਕਿ ਜਥੇਦਾਰ ਕੁੱਲਦੀਪ ਸਿੰਘ ਜੀ ਗੱੜਗੱਜ ਸਾਹਿਬ ਨੇ ਇਹ ਮੰਨ ਲਿਆ ਹੈ ਕਿ ਮੈ ਇੱਕ ਮੁਲਾਜ਼ਮ ਹਾ ਅਤੇ ਇਸ ਪਦਵੀ ਉੱਤੇ ਬਿਠਾਉਣ ਵਾਲਿਆ ਦੀ ਇੱਛਾ ਪੁਰਤੀ ਲਈ ਕੰਮ ਕਰਨ ਨਾਲ ਹੀ ਇਹ ਪਦਵੀ ਕਾਇਮ ਰਹਿ ਸਕਦੀ ਹੈ । ਬਦਕਿਸਮਤੀ ਤਾ ਇਹ ਹੈ ਨੀਲੀਆ ਪੱਗਾਂ, ਗਾਤਰੇ ਕਿਰਪਾਨ ਪਾ ਕੇ, ਸੋਹਣੀਆ ਚਿੱਟੀਆਂ ਦਾੜੀਆ ਵਾਲੇ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਦਾ ਕੂੜ ਪ੍ਰਚਾਰ ਸੁਣਕੇ ਜੈਕਾਰੇ ਛੱਡੀ ਜਾ ਰਹੇ ਹਨ । ਦੂਜਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਊਣ ਵਾਲੀਆ ਧਿਰਾ ਵੀ ਹਊਮੇ , ਖੁਦਗਰਜੀ ਅਤੇ ਪਰਿਵਾਰਵਾਦ ਵਿੱਚ ਊਸੇ ਤਰਾ ਫਸੀਆਂ ਪਈਆਂ ਹਨ ਜਿਵੇ ਬਾਦਲ ਦੱਲ ਫਸਿਆ ਹੋਇਆ ਹੈ , ਪੰਥ ਦਾ ਦਰਦ ਰੱਖਣ ਵਾਲੇ ਸਿੱਖ ਕਿਧਰ ਜਾਣ ।
