“High Court Decision in Favour of Employees is Historic and Commendable: Giani Harpreet Singh”
“ਮੁਲਾਜਮਾਂ ਦੇ ਹੱਕ ਵਿੱਚ ਆਇਆ ਹਾਈ ਕੋਰਟ ਦਾ ਫੈਸਲਾ ਇਤਿਹਾਸਿਕ ਅਤੇ ਸਲਾਹੁਣ ਯੋਗ: ਗਿਆਨੀ ਹਰਪ੍ਰੀਤ ਸਿੰਘ”

21 ਅਪ੍ਰੈਲ 2026 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੇ ਬਕਾਏ ਦੇਣ ਬਾਰੇ ਹਾਈਕੋਰਟ ਦੇ ਫੈਸਲੇ ਨੂੰ ਇਤਿਹਾਸਿਕ ਤੇ ਸਲਾਹੁਣ ਯੋਗ ਦੱਸਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਲਿਖਤੀ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਕਾਏ ਮਹਿੰਗਾਈ ਭੱਤੇ ਤੋਂ ਵਾਂਝਾ ਰੱਖ ਰਹੀ ਸੀ, ਜਦਕਿ ਉੱਚ ਅਹੁਦਿਆਂ ਵਾਲੇ ਆਈਏਐੱਸ ਤੇ ਆਈਪੀਐੱਸ ਅਫਸਰਾਂ ਨੂੰ ਸਾਰੇ ਬਕਾਏ ਦਿੱਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਾਈਕੋਰਟ ਦਾ ਇਹ ਕਹਿਣਾ ਕਿ ਇਹ ਬਰਾਬਰਤਾ ਦੇ ਅਸੂਲ ਦੇ ਵਿਰੁੱਧ ਹੈ, ਬਹੁਤ ਸਲਾਹੁਣ ਯੋਗ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਆਪ ਸਰਕਾਰ ਨੇ ਮੁਲਾਜ਼ਮਾਂ ਦਾ ਗਲਾ ਘੁੱਟਣ ਲਈ ਹਾਈਕੋਰਟ ਵਿਚ ਪੂਰਾ ਜ਼ੋਰ ਲਗਾਇਆ ਸੀ, ਪਰ ਅਦਾਲਤ ਨੇ ਇਸ ਦਗੇਬਾਜ਼ੀ ਨੂੰ ਨੰਗਾ ਕਰ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਕਾਏ ਜਲਦੀ ਤੋਂ ਜਲਦੀ ਅਦਾ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਡੀ.ਏ. ਹਰਿਆਣਾ, ਦਿੱਲੀ ਤੇ ਕੇਂਦਰੀ ਮੁਲਾਜ਼ਮਾਂ ਤੋਂ ਬਹੁਤ ਘੱਟ ਹੈ, ਜੋ ਬਹੁਤ ਵਿਤਕਰੇ ਭਰੀ ਧੱਕੇਸ਼ਾਹੀ ਹੈ। ਉਨ੍ਹਾਂ ਮੁਲਾਜ਼ਮਾਂ ਦਾ ਡੀ.ਏ. ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਕਰਨ ਦੀ ਵੀ ਮੰਗ ਕੀਤੀ।
ਬਿਆਨ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੁਲਾਜ਼ਮ ਜਥੇਬੰਦੀਆਂ ਇਸ ਧੱਕੇਸ਼ਾਹੀ ਖਿਲਾਫ਼ ਕੋਈ ਸੰਘਰਸ਼ ਵਿੱਢਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਉਨ੍ਹਾਂ ਦਾ ਪੂਰਾ ਸਾਥ ਦੇਵੇਗਾ। ਇਹ ਬਿਆਨ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ ਹੈ।
