A marriage that took place 4 months ago ends in tragedy, Air Force jawan dies along with his wife
4 ਮਹੀਨੇ ਪਹਿਲਾਂ ਹੋਏ ਵਿਆਹ ਦਾ ਦਰਦਨਾਕ ਅੰਤ, ਏਅਰ ਫੋਰਸ ਜਵਾਨ ਦੀ ਪਤਨੀ ਸਣੇ ਮੌਤ
ਸਮਾਣਾ (ਆਵਾਜ਼ਿ ਕੌਮ ਬਿਊਰੋ)-ਭਾਰਤੀ ਏਅਰ ਫੋਰਸ ਵਿਚ ਸੇਵਾ ਨਿਭਾਅ ਰਹੇ ਸਮਾਣਾ ਦੀ ਢਿੱਲੋਂ ਕਾਲੋਨੀ ਨਿਵਾਸੀ ਨੌਜਵਾਨ ਅਤੇ ਉਸ ਦੀ ਪਤਨੀ ਦੀ ਗੁਜਰਾਤ ਦੇ ਸ਼ਹਿਰ ਜਾਮਨਗਰ ’ਚ ਵਾਪਰੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਸਮਾਣਾ ਪਹੁੰਚਣ ’ਤੇ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਜੋੜੇ ਦਾ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਵਿੰਦਰ ਸਿੰਘ (28) ਪੁੱਤਰ ਗੁਰਮੀਤ ਸਿੰਘ ਵਾਸੀ ਸਮਾਣਾ (ਫਤਿਹਪੁਰ ਵਾਲੇ) ਅਤੇ ਉਸ ਦੀ ਪਤਨੀ ਲਵਲੀਨ ਕੌਰ (26) ਐਤਵਾਰ ਨੂੰ ਜਦੋਂ ਆਪਣੇ ਮੋਟਰਸਾਈਕਲ ’ਤੇ ਜਾਮਨਗਰ (ਗੁਜਰਾਤ) ਜਾ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਨੇ ਟਕੱਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ ਕਰੀਬ ਸਾਢੇ 7 ਸਾਲ ਪਹਿਲਾਂ ਭਾਰਤੀ ਏਅਰ ਫੋਰਸ ਵਿਚ ਐੱਲ. ਏ. ਸੀ. ਆਟੋ ਟੈਂਕ ਵਜੋਂ ਭਰਤੀ ਹੋਇਆ ਸੀ ਅਤੇ ਜਾਮਨਗਰ ਸਟੇਸ਼ਨ ਤੇ ਏਅਰ ਫੋਰਸ ’ਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਸ ਦਾ ਕਰੀਬ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

